ਲੁਧਿਆਣਾ ( ਸਤਪਾਲ ਸੋਨੀ ) ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਆਈ. ਪੀ.ਐਸ ਨੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵਿੱਚ ਦਸਿਆ ਕਿ ਸੋਮਨਾਥ ਦਾ ਮਕਾਨ ਤਿਲਕੀ ਨਾਮ ਦੇ ਵਿਅਕਤੀ ਕੋਲ ਗਿਰਵੀ ਰਖਿੱਆ ਸੀ ,ਗਿਰਵੀ ਮਕਾਨ ਛੁਡਾਉਣ ਲਈ ਸੋਮਨਾਥ ਨੇ ਆਪਣੇ ਸਾਥੀਆਂ ਪ੍ਰਭਜੋਤ ਸਿੰਘ ਉਰਫ ਸਾਬੀ,ਬਿਮਲ ਕੁਮਾਰ ਉਰਫ ਬੱਗਾ ,ਅਵੀਨਾਸ਼ ਕੁਮਾਰ ਉਰਫ ਵਿੱਕੀ,ਅਮਨਦੀਪ ਸਿੰਘ ਉਰਫ ਬੰਟੀ ,ਸੁੱਖਦੇਵ ਕੁਮਾਰ ਉਰਫ ਨੰਦੂ ਅਤੇ ਪਰਮਜੀਤ ਸਿੰਘ ਉਰਫ ਪੰਮਾ ਨਾਲ ਇਕ ਸਾਜਿਸ਼ ਰਚਕੇ 60 ਲੱਖ ਰੁਪਏ ਸੰਜੇ ਤਾਂਗੜੀ ਦੇ ਵਰਕਰ ਚਾਚਾ ਪਾਸੋਂ ਹਾਸਲ ਕਰਕੇ ਹੱੜਪ ਕਰਨ ਦੀ ਨੀਅਤ ਨਾਲ ਇਕ ਝੂਠਾ ਡਰਾਮਾ ਰਚਿਆ ।ਸੋਮਨਾਥ ਨੇ ਪੁਲਿਸ ਨੂੰ 7 ਲੱਖ ਰੁਪਏ ਲੁੱਟੇ ਜਾਣ ਦੀ ਝੂਠੀ ਅਤੇ ਦੇਰ ਨਾਲ ਸੂਚਨਾ ਦਿੱਤੀ । ਪੁਲਿਸ ਸੂਚਨਾ ਦੇ ਮੁਤਬਿਕ ਸੋਮਨਾਥ ਅਤੇ ਪ੍ਰਭਜੋਤ ਸੁੰਦਰ ਨਗਰ ਵਿੱਖੇ ਸੰਧੂ ਪ੍ਰਾਪਰਟੀ ਅਡਵਾਈਜਰ ਦੇ ਮਾਲਿਕ ਰਾਜ ਕੁਮਾਰ ਸੰਧੂ ਕੋਲ ਨੌਕਰੀ ਕਰਦੇ ਹਨ । ਸੂਚਨਾ ਮੁਤਾਬਿਕ ਸੋਮਨਾਥ ਨੇ ਦਸਿਆ ਕਿ ਦੁਪਹਿਰ 2.45 ਵਜੇ ਸੋਮਨਾਥ ਅਤੇ ਉਸ ਦਾ ਸਾਥੀ ਪ੍ਰਭਜੋਤ ਆਪਣੇ ਮਾਲਿਕ ਦੇ 7 ਲੱਖ ਰੁਪਏ ਕਰੰਸੀ ਨੋਟ ਸੰਜੇ ਤਾਂਗੜੀ ਮਾਲਕ ਵੈਸਟਨ ਯੂਨੀਅਨ ਗੁੜ ਮੰਡੀ ਦੇ ਵਰਕਰ ਚਾਚਾ ਤੋਂ ਲੈਕੇ ਮੋਟਰ ਸਾਈਕਲ ਤੇ ਸੁੰਦਰ ਨਗਰ ਆ ਰਹੇ ਸੀ ਤਾਂ ਗਲੀ ਨੰ: 1 ਨਿਊ ਮਾਧੋਪੁੱਰੀ ਸੁੰਦਰ ਨਗਰ ਵਿੱਖੇ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਦੇ ਮੋਟਰ ਸਾਈਕਲ ਵਿਚ ਮੋਟਰ ਸਾਈਕਲ ਮਾਰਕੇ ਤੇ ਉਨ੍ਹਾਂ ਦੇ ਹਥਿਆਰਾਂ ਨਾਲ ਸੱਟਾਂ ਮਾਰਕੇ 7 ਲੱਖ ਰੁਪਏ ਵਾਲਾ ਬੈਗ ਖੋਹਕੇ ਲੈ ਗਏ ਹਨ ਪਰ ਪੁਲਿਸ ਨੂੰ ਸੂਚਨਾ ਦੇਰ ਸ਼ਾਮ ਦਿੱਤੀ ਜਿਸ ਤੇ ਏੇ.ਸੀ.ਪੀ.ਸਵਪਨ ਸ਼ਰਮਾ ਅਤੇ ਏ.ਸੀ.ਪੀ. ਧਰੁਮਨ ਹਰਸ਼ਦਰਾਯ ਨਿਬਾਲੇ ਜਾਂਚ ਵਿੱਚ ਜੁੱਟ ਗਏ। ਦੋਨਾਂ ਅਫਸਰਾਂ ਨੂੰ ਸ਼ੱਕ ਹੋਇਆ ਅਤੇ ਥੋੜੀ ਦੇਰ ਬਾਦ ਹੀ ਲੁੱਟ ਦੀ ਰਕਮ 7 ਲੱਖ ਤੋਂ 60 ਲੱਖ ਹੋ ਗਈ । ਪੁਲਿਸ ਵਲੋਂ ਸੋਮਨਾਥ ਅਤੇ ਸਾਬੀ ਨੂੰ ਹਿਰਾਸਤ ਵਿੱਚ ਲੈਕੇ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਸਾਰੀ ਸਚਾਈ ਸਾਹਮਣੇ ਆ ਗਈ । ਜਿਸ ਸਬੰਧੀ ਰਾਜ ਕੁਮਾਰ ਸੰਧੂ ਪੁੱਤਰ ਬਖਸ਼ੀਸ਼ ਰਾਮ ਵਾਸੀ ਚੌਧਰੀਆਂ ਮੁੱਹਲਾ ਫਿਲੌਰ ਜਿਲਾ ਜਲੰਧਰ ਮਾਲਿਕ ਸੰਧੂ ਪ੍ਰਾਪਰਟੀ ਅਡਵਾਈਜਰ ਸੁੰਦਰ ਨਗਰ ਲੁਧਿਆਣਾ ਦੇ ਬਿਆਨ ਤੇ ਮੁੱਕਦਮਾ ਦਰਜ ਕਰਕੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਨਾ ਬਸਤੀ ਜੋਧੇਵਾਲ ਨੇ ਸਮੇਤ ਐਸ.ਆਈ.ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਦੇ 56.5 ਲੱਖ ਰਪਏ ਕਰੰਸੀ ਨੋਟ ਬਰਾਮਦ ਕੀਤੇ ਹਨ । ਇਕ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਦੀ ਤਲਾਸ਼ ਜਾਰੀ ਹੈ। ਪੁੱਛ-ਗਿੱਛ ਦੌਰਾਨ ਸੋਮਨਾਥ ਪੁੱਤਰ ਸਰਵਨ ਕੁੱਮਾਰ ਨੇ ਦਸਿਆ ਕਿ ਗਿਰਵੀ ਮਕਾਨ ਛੁਡਾਉਣ ਲਈ ਉਸ ਨੇ ਇਹ ਸਾਰਾ ਡਰਾਮਾ ਰਚਿਆ ਸੀ। ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਨੇ ਕਿਹਾ ਕਿ ਸ਼ੁਰੂ ਦੀ ਪੁੱਛ-ਗਿੱਛ ਤੋਂ ਇਹ ਪਤਾ ਲਗਿਆ ਕਿ ਬੰਗਲੌਰ ਤੋਂ ਇਕ ਵਿਅਕਤੀ ਦਾ ਫੋਨ ਆਉਣ ਤੇ ਸੋਮਨਾਥ ਵੈਸਟਨ ਮਨੀ ਤੋਂ ਪੈਸਾ ਲੈਕੇ ਅਲਗ ਅਲਗ ਆਦਮੀਆਂ ਨੂੰ ਪਹੁੰਚਾ ਦਿੰਦੇ ਹਨ।ਪੁਲਿਸ ਨੇ ਜਾਂਚ ਲਈ ਵੈਸਟਨ ਯੂਨੀਅਨ ਦਾ ਰਿਕਾਰਡ ਮੰਗਵਾਇਆ ਹੈ ਅਤੇ ਸੰਧੂ ਪ੍ਰਾਪਰਟੀ ਅਡਵਾਈਜਰ ਦੇ ਮਾਲਿਕ ਰਾਜਕੁਮਾਰ ਸੰਧੂ ਨੂੂੰ ਵੀ ਬੁਲਾਇਆ ਹੈ।ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਨੇ ਕਿਹਾਕਿ ਸ਼ੁਰੂਆਤੀ ਜਾਂਚ ਤੋਂ ਇਹ ਪੈਸਾ ਹਵਾਲਾ ਦਾ ਲਗਦਾ ਹੈ ,ਪਰ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ,ਪੁਲਿਸ ਹਵਾਲਾ ਦੇ ਬਾਰੇ ਕਾਰਵਾਈ ਨਹੀਂ ਕਰ ਸਕਦੀ ਇਸ ਲਈ ਈ.ਡੀ ਅਤੇ ਇਨਕਮ ਟੈਕਸ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਕਿਹਾ ਜਾਵੇਗਾ ।ਦੋਸ਼ੀਆਂ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਅਹਿਮ ਸੁਰਾਗ ਮਿਲ ਸਕਣ ।

Post a Comment