ਸ੍ਰੀ ਮੁਕਤਸਰ ਸਾਹਿਬ, 22 ਦਸੰਬਰ : ( )ਆਪਣੇ ਮਾਂ ਬਾਪ ਦੀ ਬੁਢਾਪੇ ਸਮੇਂ ਉੁਚਿਤ ਸਾਂਭ ਸੰਭਾਲ ਨਾ ਕਰਨ ਵਾਲੇ ਬੱਚਿਆਂ ਤੋਂ ਮਾਪੇ ਇਕ ਸਧਾਰਨ ਕਾਨੂੰਨੀ ਪ੍ਰਕਿਆ ਰਾਹੀਂ 10 ਹਜਾਰ ਰੁਪਏ ਪ੍ਰਤੀ ਮਹੀਨਾ ਤੱਕ ਦਾ ਗੁਜਾਰਾ ਭੱਤਾ ਲੈਣ ਦੇ ਹੱਕਦਾਰ ਹਨ। ਇਸ ਤੋਂ ਬਿਨ੍ਹਾਂ ਜਿਹੜੇ ਬਜੁਰਗ ਕੁਝ ਸਮਾਂ ਪਹਿਲਾਂ ਔਲਾਦ ਦੇ ਪਿਆਰ ਵਿਚ ਆ ਕੇ ਆਪਣੀ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਦੇ ਨਾਮ ਕਰ ਚੁੱਕੇ ਹਨ ਅਤੇ ਉਸਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੀ ਦੇਖਭਾਲ ਕਰਨੀ ਬੰਦ ਕਰ ਦਿੱਤੀ ਹੈ ਤਾਂ ਅਜਿਹੇ ਬਜੁਰਗ ਵੀ ਆਪਣੀ ਜ਼ਮੀਨ ਜਾਇਦਾਦ ਦੇ ਮਾਲਕਾਨਾ ਹੱਕ ਵਾਪਸ ਆਪਣੇ ਬੱਚਿਆ ਤੋਂ ਲੈ ਸਕਦੇ ਹਨ। ਇਹ ਜਾਣਕਾਰੀ ਮਾਣਯੋਗ ਸ੍ਰੀ ਵਿਵੇਕ ਪੁਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ‑ਕਮ‑ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਸ: ਦਲਜੀਤ ਸਿੰਘ ਰਲਹਣ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਥਾਂਦੇਵਾਲਾ ਵਿਖੇ ਲਗਾਏ ਕਾਨੂੰਨੀ ਸਾਖ਼ਰਤਾ ਕੈਂਪ ਦੌਰਾਨ ਏ.ਡੀ.ਏ. ਲੀਗਲ ਸ੍ਰੀ ਸੁਰਿੰਦਰ ਸਚਦੇਵਾ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਆਪਣੇ ਬੱਚਿਆ ਤੋਂ ਗੁਜਾਰ ਭੱਤਾ ਲੈਣ ਲਈ ਕੋਈ ਵੀ ਬਜੁਰਗ ਮੇਂਟਨੈਂਸ ਐਂਡ ਵੇਲਫੇਅਰ ਆਫ ਪੇਰੇਂਟਸ਼ ਐਂਡ ਸੀਨੀਅਰ ਸੀਟੀਜਨ ਐਕਟ 2007 ਅਨੁਸਾਰ ਆਪਣੇ ਖੇਤਰ ਦੇ ਐਸ.ਡੀ.ਐਮ. ਕੋਲ ਅਰਜੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਵਕੀਲ ਕਰਨ ਦੀ ਕੋਈ ਲੋੜ ਨਹੀਂ। ਇਹ ਸੈਮੀਨਾਰ ਬਜੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਯੋਜਿਤ ਕੀਤਾ ਗਿਆ ਸੀ। ਸੈਮੀਨਾਰ ਵਿਚ ਐਡਵੋਕੇਟ ਸ੍ਰੀ ਕਰਨਬੀਰ ਸਿੰਘ ਇੰਦੋਰਾ, ਸ: ਹਰਪਿੰਦਰ ਸਿੰਘ, ਸ: ਜਗਮੀਤ ਸਿੰਘ ਆਦਿ ਵੀ ਹਾਜਰ ਸਨ।
Post a Comment