ਨਾਭਾ, 23 ਦਸੰਬਰ (ਜਸਬੀਰ ਸਿੰਘ ਸੇਠੀ)-ਸਿੱਖ ਕੌਮ ਦੇ ਮਹਾਨ ਸ਼ਹੀਦ ਮਾਤਾ ਗੁਜ਼ਰ ਕੌਰ ਜੀ ਦੇ ਪੋਤਰੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨ ਕੁਰਬਾਨੀ ਤੋਂ ਸੇਧ ਲੈਣ ਦੀ ਲੋੜ ਹੈ। ਇਹ ਵਿਚਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਯੂਥ ਅਕਾਲੀ ਆਗੂ ਨੇ ਨਾਭਾ ਸਥਿਤ ਕਰਮਜੀਤ ਸਿੰਘ ਅਲੌਹਰਾਂ ਦੇ ਗ੍ਰਹਿ ਵਿਖੇ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਲੱਗਣ ਵਾਲੇ ਸਲਾਨਾ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਲੱਗਭਗ ਮੁਕੰਮਲ ਹਨ ਅਤੇ ਸੰਗਤਾ ਦੀ ਸੇਵਾ ਲਈ ਯੂਥ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਸ਼ਹੀਦਾਂ ਨੂੰ ਸਜਦਾ ਕਰਨ ਆ ਰਹੀਆਂ ਸੰਗਤਾਂ ਨੂੰ ਕੋਈ ਮੁਸਕਿਲ ਪੇਸ ਨਾ ਆਵੇ। ਉਨ੍ਹਾਂ ਕਿਹਾ ਕਿ ਅੱਜ ਸਿੱਖ ਨੌਜਵਾਨ ਨਸ਼ਿਆਂ ਵਿੱਚ ਗੁਲਤਾਨ ਹੁੰਦੇ ਜਾ ਰਹੇ ਹਨ ਜੋ ਕਿ ਅਤੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਨੂੰ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੇ ਜੀਵਨ ਤੋਂ ਸੇਧ ਲੈਕੇ ਗੁਰੂ ਲੜ ਲੱਗਣਾ ਚਾਹੀਦਾ ਹੈ । ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਅਸੀਂ ਰਸਤੇ ਵਿੱਚ ਜਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਗਰ ਲਗਾਉਣੇ ਹਨ ਉਹ ਬਿਲਕੁਲ ਸਾਦੇ ਹੋਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨਾਲ ਕਰਮਜੀਤ ਸਿੰਘ ਅਲੌਹਰਾਂ, ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਰਮੈਨ, ਮੁਹੰਮਦ ਹਨੀਫ ਭੋਲਾ, ਸੁਖਬੀਰ ਸਿੰਘ ਅਬਲੋਵਾਲ, ਜੈ ਸਿੰਘ ਡਕਾਲਾ, ਗੁਰਪ੍ਰੀਤ ਸਿੰਘ ਬਾਵਾ ਆਦਿ ਪਤਵੰਤੇ ਹਾਜ਼ਰ ਸਨ।
Post a Comment