ਲੁਧਿਆਣਾ, 5 ਜਨਵਰੀ(ਸਤਪਾਲ ਸੋਨ9) 1 ਅਕਤੂਬਰ ਤੋਂ 31 ਅਕਤੂਬਰ, 2012 ਤੱਕ ਨਵੀਆਂ ਬਣੀਆਂ ਵੋਟਾਂ ਦੇ ਵੋਟਰ ਸ਼ਨਾਖਤੀ ਕਾਰਡ ਕੌਮੀ ਵੋਟਰ ਦਿਵਸ 25 ਜਨਵਰੀ ਤੱਕ ਵੋਟਰਾਂ ਨੂੰ ਵੰਡ ਦਿੱਤੇ ਜਾਣਗੇ। ਇਹ ਜਾਣਕਾਰੀ ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਮਿੰਨੀ ਸਕੱਤਰੇਤ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ 1 ਜਨਵਰੀ,2013 ਦੀ ਯੋਗਤਾ ਮਿਤੀ ਦੇ ਅਧਾਰ ’ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾਉਣ ਅਤੇ 6 ਜਨਵਰੀ ਤੋਂ 25 ਜਨਵਰੀ ਤੱਕ 18-19 ਸਾਲ ਦੇ ਨੌਜਵਾਨ ਵੋਟਰਾਂ ਦੀਆਂ ਵੋਟਾਂ ਬਨਾਉਣ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ 1 ਅਕਤੂਬਰ ਤੋਂ 31 ਅਕਤੂਬਰ,2012 ਤੱਕ ਨਵੀਆਂ ਬਣੀਆ ਵੋਟਾਂ ਦੀ ਵੋਟਰ ਸੂਚੀ ਛਪ ਚੁੱਕੀ ਹੈ। ਇਸ ਮੌਕੇ ‘ਤੇ ਉਹਨਾਂ ਇਹਨਾਂ ਵੋਟਰ ਸੂਚੀਆਂ ਦੀ ਕਾਪੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ ਅਤੇ ਕਿਹਾ ਕਿ ਉਹ ਇਹਨਾਂ ਵੋਟਰ ਸੂਚੀਆਂ ਨੂੰ ਚੈਕ ਕਰ ਲੈਣ ਅਤੇ ਜੇਕਰ ਕਿਸੇ ਵੋਟਰ ਦਾ ਨਾਂ ਵੋਟਰ ਸੂਚੀ ਵਿੱਚ ਛਪਣ ਤੋਂ ਰਹਿ ਗਿਆ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਦਾ ਜਾਵੇ, ਤਾਂ ਜੋ ਤੁਰਟੀਆਂ ਨੂੰ ਦੂਰ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਦੀਆਂ ਵੋਟਾਂ ਬਨਾਉਣ ਲਈ 6 ਜਨਵਰੀ ਤੋ 25 ਜਨਵਰੀ, 2013 ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿਹਨਾਂ ਯੁਵਕਾਂ ਦੀ ਉਮਰ 1 ਜਨਵਰੀ, 2013 ਨੂੰ 18 ਸਾਲ ਦੀ ਉਮਰ ਪੂਰੀ ਹੋ ਚੁੱਕੀ ਹੈ ਅਤੇ ਉਹਨਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਾਈ, ਉਹ 6 ਨੰਬਰ ਫਾਰਮ ਹਰ ਪੱਖੋਂ ਮੁਕੰਮਲ ਕਰਕੇ ਸਬੰਧਤ ਵਿਧਾਨ ਸਭਾ ਚੋਣ ਹਲਕੇ ਦੇ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟੇਸ਼ਨ ਅਫਸਰ ਦੇ ਦਫਤਰ ਜਾਂ ਜਿਲਾ ਚੋਣ ਦਫਤਰ, ਲੁਧਿਆਣਾ ਮਿੰਨੀ ਸਕੱਤਰੇਤ ਦੇ ਕਮਰਾ ਨੰ: 123 ਵਿੱਚ ਜਮ•ਾਂ ਕਰਵਾ ਸਕਦੇ ਹਨ। ਇਸ ਮੌਕੇ ’ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ. ਜਗਦੇਵ ਸਿੰਘ ਗੋਹਲਵੜੀਆ ਸ਼੍ਰੋਮਣੀ ਅਕਾਲੀ ਦਲ, ਸ੍ਰੀ ਸਾਧੂ ਰਾਮ ਸਿੰਘੀ ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਇੰਦਰ ਅਗਰਵਾਲ ਭਾਰਤੀ ਜਨਤਾ ਪਾਰਟੀ, ਸ੍ਰੀ ਰਾਮੇਸ਼ ਰਤਨ ਸੀ.ਪੀ.ਆਈ ਅਤੇ ਸ੍ਰੀ ਰਾਜੇਸ਼ ਚੱਢਾ ਐਨ.ਸੀ.ਪੀ ਤੋਂ ਇਲਾਵਾ ਸ੍ਰੀ ਭਾਰਤ ਭੂਸ਼ਨ ਤਹਿਸੀਲਦਾਰ (ਚੋਣਾਂ), ਸ੍ਰੀ ਪ੍ਰਮੋਦ ਕੁਮਾਰ ਕਾਨੂੰਗੋ (ਚੋਣਾਂ), ਸ੍ਰੀ ਰਵਿੰਦਰ ਕੁਮਾਰ ਕਾਰਜਕਾਰੀ ਇੰਜਨੀਅਰ ਨਗਰ ਨਿਗਮ ਅਤੇ ਸ੍ਰੀ ਬਲਵੀਰ ਸਿੰਘ ਹਾਜ਼ਰ ਸਨ।
Post a Comment