...ਸਰਕਾਰੀ ਮੱਦਦ ਲਈ ਦਫਤਰਾਂ ਦੇ ਕੱਢੇ ਚੱਕਰਾਂ ਨੇ ਲਈ ਦੋਨੇ ਭਰਾਵਾਂ ਦੀ ਜਾਨ, ਪਿੰਡ ਵਿੱਚ ਹੋਰ ਵੀ ਹਨ ਕੈਂਸਰ ਪੀੜ੍ਹਤ ਪਰਿਵਾਰ : ਪਿੰਡ ਵਾਸੀ
...ਪੀੜ੍ਹਤ ਪਰਿਵਾਰ ਦੀ ਸਾਰ ਲੈਣ ਨਾ ਪਹੁੰਚਿਆ ਕੋਈ ਮੰਤਰੀ, ਵਿਧਾਇਕ ਜਾਂ ਅਧਿਕਾਰੀ
ਬਠਿੰਡਾ 22 ਦਸੰਬਰ (ਅਨਿਲ ਵਰਮਾ) : ਜਿਲ੍ਹਾ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਬੀਤੇ ਦਿਨ ਅਜਿਹੀ ਸੋਗ ਦੀ ਲਹਿਰ ਦੌੜੀ ਕਿ ਸਾਰੇ ਪਿੰਡ ਦੇ ਘਰਾਂ ਵਿੱਚ ‘ਚੁੱਲ੍ਹਾ’ ਨਾ ਬਲਿਆ ਕਿਉਂਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਇੱਕੋ ਪਰਿਵਾਰ ਦੇ ਦੋ ਸਗੇ ਭਰਾਵਾਂ ਨੂੰ ਮੌਤ ਦੇ ਆਗੋਸ਼ ਵਿੱਚ ਸਮਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਗੋਵਿੰਦਪੁਰਾ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਆਤਮਾ ਸਿੰਘ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਸੀ ਜਿਸ ਦੇ ਇਲਾਜ ਲਈ ਪਰਿਵਾਰ ਨੇ ਕੋਈ ਕਸਰ ਬਾਕੀ ਨਾ ਛੱਡੀ ਪਰ ਉਸ ਤੋਂ ਬਾਅਦ ਇਹੋ ਬਿਮਾਰੀ ਉਸਦੇ ਭਰਾ ਟਹਿਲ ਸਿੰਘ ਨੂੰ ਵੀ ਲੱਗ ਗਈ ਜਿਸ ਕਰਕੇ ਆਤਮਾ ਸਿੰਘ ਦੇ ਪਰਿਵਾਰ ਨੇ ਪੁੱਤਰਾਂ ਦੇ ਇਲਾਜ ਲਈ ਸਾਰੀ ਜਮੀਨ ਜਾਇਦਾਦ, ਗਹਿਣਾ ਗੱਟਾ ਵੇਚ ਦਿੱਤਾ ਪਰ ਦੋਨੇਂ ਭਰਾ ਉਸ ਬਿਮਾਰੀ ਦੀ ਚਪੇਟ ਚੋਂ ਨਾ ਨਿਕਲ ਸਕੇ ਤੇ ਬੀਤੇ ਦਿਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਜਿਸ ਦਾ ਸਸਕਾਰ ਕਰਕੇ ਜਦੋਂ ਰਿਸ਼ਤੇਦਾਰ ਅਤੇ ਪਿੰਡ ਵਾਸੀ ਘਰ ਵਾਪਸ ਆਏ ਤਾਂ ਆਉਂਦਿਆਂ ਨੂੰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਦੂਸਰੇ ਭਰਾ ਟਹਿਲ ਸਿੰਘ ਦੀ ਮੌਤ ਹੋ ਗਈ ਜਿਹਨਾਂ ਦਾ ਬੀਤੇ ਦਿਨ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਕੈਂਸਰ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਕਿਸੇ ਵੀ ਅਧਿਕਾਰੀ, ਵਿਧਾਇਕ ਜਾਂ ਮੰਤਰੀ ਨੇ ਪੀੜ੍ਹਤ ਆਤਮਾ ਸਿੰਘ ਦੇ ਪਰਿਵਾਰ ਦੀ ਸਾਰ ਨਾ ਲਈ ਤੇ ਦੁੱਖ ਵੰਡਾਉਣ ਵੀ ਕੋਈ ਨਾ ਪਹੁੰਚਿਆ ਜਿਸ ਕਰਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰ ਦੇ ਰਿਸ਼ਤੇਦਾਰ ਸੁਰਜੀਤ ਸਿੰਘ ਤੇ ਬੂਟਾ ਸਿੰਘ ਨੇ ਦੱਸਿਆ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਦੋਨੇ ਭਰਾਵਾਂ ਦੀ ਮੱਦਦ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਮੱਦਦ ਨਹੀਂ ਕੀਤੀ ਗਈ ਜਦੋਂ ਕਿ ਬਿਮਾਰੀ ਦੇ ਇਲਾਜ ਲਈ ਡਾਕਟਰੀ ਰਿਪੋਰਟਾਂ ਲੈ ਲੈਕੇ ਪਰਿਵਾਰ ਸਰਕਾਰੀ ਦਫਤਰਾਂ ਦੇ ਚੱਕਰ ਕੱਟਦਾ ਰਿਹਾ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਾ ਲਈ ਜਿਸ ਕਰਕੇ ਕੈਂਸਰ ਪੀੜ੍ਹਤਾਂ ਨੂੰ ਪੰਜਾਬ ਸਰਕਾਰ ਵੱਲੋਂ ਮੱਦਦ ਦੇਣ ਦੇ ਦਾਅਵੇ ਠੁੱਸ ਹੋਕੇ ਰਹਿ ਗਏ ਤੇ ਆਤਮਾ ਸਿੰਘ ਦੇ ਦੋਨੇਂ ਪੁੱਤਰਾਂ ਦੀ ਮੌਤ ਵੀ ਪੈਸੇ ਦੀ ਕਮੀ ਕਾਰਨ ਇਲਾਜ ਨਾ ਕਰਾ ਸਕਣ ਕਰਕੇ ਹੋਈ। ਜਦੋਂ ਕਿ ਪੰਜਾਬ ਸਰਕਾਰ ਨੇ ਕੈਂਸਰ ਦੀ ਬਿਮਾਰੀ ਦੇ ਖਾਤਮੇ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਬਠਿੰਡਾ ਵਿੱਚ ਕੈਂਸਰ ਦਾ ਵੱਡਾ ਮੈਕਸ ਹਸਪਤਾਲ ਵੀ ਖੋਲ੍ਹਿਆ ਗਿਆ ਹੈ ਪਰ ਉਹ ਵੀ ਕੈਂਸਰ ਪੀੜ੍ਹਤ ਲੋਕਾਂ ਲਈ ਮਹਿੰਗਾ ਹੋਣ ਕਰਕੇ ਕੋਸਾਂ ਦੂਰ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਦੇਣ ਦਾ ਐਲਾਨ ਕਰੇ। ਪਿੰਡ ਗੋਬਿੰਦਪੁਰਾ ਲਈ ਪੰਜਾਬ ਸਰਕਾਰ ਦੀਆਂ ਸਕੀਮਾਂ ਵੀ ਕੋਸਾਂ ਦੂਰ ਹਨ ਕਿਉਂਕਿ ਜਿੱਥੇ ਇਸ ਪਿੰਡ ਦਾ ਪੀਣ ਵਾਲਾ ਪਾਣੀ ਮਾੜਾ ਹੈ ਉਥੇ ਹੀ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਦਰਜਨਾਂ ਪਰਿਵਾਰ ਹੋਰ ਵੀ ਹਨ। ਕੀ ਪੰਜਾਬ ਸਰਕਾਰ ਇਸ ਪਿੰਡ ਵਿੱਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮੌਤਾਂ ਹੋਣ ਤੋਂ ਬਚਾਉਣ ਲਈ ਅੱਗੇ ਆਏਗੀ?
Post a Comment