ਪਟਿਆਲਾ, 5ਫਰਵਰੀ (ਪਟਵਾਰੀ ) ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਕਾਮਯਾਬੀ ਮਿਲੀ ਜਦੋਂ ਸ. ਪ੍ਰਿਤਪਾਲ ਸਿੰਘ ਥਿੰਦ ਐਸ.ਪੀ (ਡੀ) ਅਤੇ ਸ. ਮਨਜੀਤ ਸਿੰਘ ਬਰਾੜ ਡੀ.ਐਸ.ਪੀ (ਡੀ) ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਸੀ.ਆਈ.ਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਏ.ਐਸ.ਆਈ ਹਰਬਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਕੇ ਇੱਕ ਵਿਅਕਤੀ ਨੂੰ 11 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰ ਲਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੀ ਪੁਲਿਸ ਨੇ ਸਨੌਰ ਤੋਂ ਚੌਰਾ ਰੋਡ ਦੇ ਸੂਏ ਦੇ ਪੁਲ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੌਰਾ ਤੋਂ ਸਨੌਰ ਪੈਦਲ ਜਾ ਰਹੇ ਇੱਕ ਵਿਅਕਤੀ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਪੁਲਿਸ ਨੂੰ ਪਲਾਸਟਿਕ ਦੇ ਝੋਲੇ ਵਿੱਚ ਪਾਈ 11 ਕਿਲੋ ਅਫੀਮ ਬਰਾਮਦ ਹੋਈ ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਸ਼ ਪੁੱਤਰ ਹੰਸ ਰਾਜ, ਵਾਸੀ ਮਕਾਨ ਨੰ: 243, ਨਿਊ ਆਟੋ ਮਾਰਕਿਟ, ਮੰਡੀ ਆਦਮਪੁਰ, ਜ਼ਿਲ•ਾ ਹਿਸਾਰ (ਹਰਿਆਣਾ) ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਅ/ਧ 18/61/85 ਅਧੀਨ ਥਾਣਾ ਸਨੌਰ ਵਿਖੇ ਮੁਕੱਦਮਾ ਨੰ: 11 ਦਰਜ ਕੀਤਾ ਹੈ । ਪੁਲਿਸ ਮੁਤਾਬਕ ਜਗਦੀਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇੱਕ ਮਾਮਲੇ ਵਿੱਚ ਹਿਸਾਰ ਜੇਲ• ਵਿੱਚ ਬੰਦ ਵੀ ਰਿਹਾ ਸੀ ਅਤੇ ਕਰੀਬ ਪੰਜ ਸਾਲ ਪਹਿਲਾਂ ਉਹ ਮਾਣਯੋਗ ਹਾਈਕੋਰਟ ਤੋਂ ਬਰੀ ਹੋ ਕੇ ਆਇਆ ਸੀ । ਜਿਸ ਤੋਂ ਬਾਅਦ ਉਸ ਨੇ ਰੋਜ਼ੀ ਰੋਟੀ ਕਮਾਉਣ ਲਈ ਇੱਕ ਗੱਡੀ ਟਾਟਾ 1109 ਨੰ: ਐਚ.ਆਰ. 39 ਬੀ-1729 ਲੈ ਲਈ ਸੀ ਅਤੇ ਰਾਜਸਥਾਨ ਆਉਣ-ਜਾਣ ਕਰਕੇ ਇਸ ਦੀ ਜਾਣ ਪਹਿਚਾਣ ਭੀਲਵਾੜਾ (ਰਾਜਸਥਾਨ) ਦੇ ਵਾਸੀ ਖਾਨ ਨਾਂ ਦੇ ਇੱਕ ਵਿਅਕਤੀ ਨਾਲ ਹੋ ਗਈ ਸੀ ਜੋ ਕਿ ਅਫੀਮ ਦਾ ਧੰਦਾ ਕਰਦਾ ਸੀ । ਪੁਲਿਸ ਮੁਤਾਬਕ ਜਗਦੀਸ਼ ਵੱਲੋਂ ਪਹਿਲਾਂ ਖਾਨ ਕੋਲੋਂ ਥੋੜੀ ਮਾਤਰਾ ਵਿੱਚ ਅਫੀਮ ਲਿਆ ਕੇ ਹਿਸਾਰ ਦੇ ਖੇਤਰ ਵਿੱਚ ਵੇਚੀ ਜਾਂਦੀ ਸੀ ਅਤੇ ਪਟਿਆਲਾ ਪੁਲਿਸ ਦੁਆਰਾ ਜਗਦੀਸ਼ ਕੋਲੋਂ ਬਰਾਮਦ ਇਹ 11 ਕਿਲੋ ਅਫੀਮ ਵੀ ਇਸ ਨੇ ਖਾਨ ਤੋਂ 25 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਸੀ ਜਿਸ ਨੂੰ ਜਗਦੀਸ਼ ਨੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ ’ਤੇ 45 ਤੋਂ 50 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਸੀ । ਪੁਲਿਸ ਵੱਲੋਂ ਜਗਦੀਸ਼ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਕੋਲੋਂ ਬਰਾਮਦ ਅਫੀਮ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Post a Comment