ਗੁਰੂਸਰ ਸੁਧਾਰ /ਅਮਨਦੀਪ ਦਰਦੀ/ਪੰਜਾਬੀ ਬੋਲੀ ਵਿੱਚ ਪ੍ਰਚੱਲਤ ਮੁਹਾਵਰੇ ਤੇ ਅਖਾਣ ਇਸ ਗੱਲ ਦੀ ਗਵਾਹੀ ਨੇ ਕਿ ਪੰਜਾਬੀ ਬੋਲੀ ਪੰਜਾਬੀ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਪ੍ਰਵਾਨ ਚੜੀ ਹੈ । ਨਿਰਪੱਖ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਵਿਸ਼ਵ ਭਰ ’ਚ ਪੰਜਾਬੀ ਦਾ ਪ੍ਰਚਾਰ-ਪ੍ਰਸਾਰ ਤੇ ਬੋਲਬਾਲਾ ਵਧਿਆ ਹੈ । ਜਦੋਂਕਿ ਭਾਰਤੀ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਖੋਰਾ ਲੱਗਿਆ ਹੈ । ’ਪੰਜਾਬੀ ਜਾਗਰਣ’ ਵੱਲੋਂ ਕਰਵਾਈ ਪੰਜਾਬੀ ਬੋਲੀ ਨੂੰ ਪ੍ਰਫੁਲਤ ਕਰਨ ਸਬੰਧੀ ਇਕ ਪ੍ਰਭਾਵਸ਼ਾਲੀ ਵਿਚਾਰ ਚਰਚਾ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਧਰਤੀ ਦੀ ਬੋਲੀ ਪੰਗੂੜੇ ਦੀ ਲੋਰੀ ਤੋਂ ਲੈ ਕੇ ਸ਼ਿਵਿਆਂ ਦੇ ਵੈਣਾਂ ਤੱਕ ਉਥੋਂ ਦੇ ਲੋਕਾਂ ਦੇ ਨਾਲ ਹੀ ਰਹਿੰਦੀ ਹੈ । ਉਨ•ਾਂ ਦੇਸ਼ ਵਾਸੀਆਂ ਨੂੰ ਸਾਡੀਆਂ ਬੋਲੀਆਂ ਤੇ ਗੀਤਾਂ ਵਿੱਚ ਮਾਣਕ ਮੋਤੀਆਂ ਵਾਂਗ ਖਿਲਰੀ ਪੰਜਾਬੀ ਭਾਸ਼ਾ ਨੂੰ ਸੰਭਾਲਣ ਦੀ ਤਾਕੀਦ ਕਰਦਿਆਂ ਇਹ ਕਾਵਿ-ਬੋਲ ’ਮਾਂ-ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ’ ਸੁਣਾਉਂਦਿਆਂ ਸਮਾਜਿਕ ਰਿਸ਼ਤਿਆਂ ਵਿੱਚ ਗੂੜਾ ਪਿਆਰ ਤੇ ਅਪਣੱਤ ਭਰਨ ਵਾਲੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਪ੍ਰਸਿੱਧ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਮਾਤ-ਭਾਸ਼ਾ ਕਿਸੇ ਵੀ ਸੱਭਿਆਚਾਰ ਦਾ ਧੁਰਾ ਹੀ ਨਹੀਂ ਹੁੰਦੀ, ਇਹ ਸਾਡੀ ਪਹਿਚਾਣ ਤੇ ਅਣਖ ਦਾ ਅਹਿਮ ਅੰਗ ਵੀ ਹੁੰਦੀ ਹੈ । ਆਪਣੀ ਸਿਆਣਪ ਤੇ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਆਪਣੀ ਬੋਲੀ ਤਿਆਗ ਦੇਣ ਤੇ ਚਿੰਤਾਂ ਜ਼ਾਹਰ ਕਰਦਿਆਂ ਕਿਹਾ ਕਿ ਹਰ ਪੰਜਾਬੀ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਭਾਰਤ ਦੇ ਕਿਸੇ ਵੀ ਕੋਨੇ ਵਿੱਚ ਰਹਿ ਰਿਹਾ ਹੋਵੇ, ਉਸਨੂੰ ਆਪਣੀ ਮਾਂ-ਬੋਲੀ ਪੰਜਾਬੀ ਦਰਜ ਕਰਾਉਣੀ ਚਾਹੀਦੀ ਹੈ । ਉਨ•ਾਂ ਪੰਜਾਬੀ ਭਾਸ਼ਾ ਨੂੰ ਹੋਰ ਖੁਸ਼ਹਾਲ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਮੁਫਤ ਪੰਜਾਬੀ ਸਾਹਿਤ ਵੰਡਣਾ ਚਾਹੀਦਾ ਹੈ । ਬਹੁਤ ਅਮੀਰ ਤੇ ਉਨੱਤ ਭਾਸ਼ਾ ਪੰਜਾਬੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆ ਉਘੇ ਚਿੰਤਕ ਤੇ ਪ੍ਰਸਿੱਧ ਪੱਤਰਕਾਰ ਸਤਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਬਹੁਤੀਆਂ ਭਾਸ਼ਾਵਾਂ ਨਾਲੋਂ ਅਮੀਰ ਹੈ । ਇਸਦਾ ਵਿਰਸਾ ਜਿੱਥੇ ਗੁਰਬਾਣੀ ਹੈ, ਉਥੇ ਹੀ ਲੋਕ ਬੋਲੀ ਵਿੱਚ ਇਸਦਾ ਖ਼ਜਾਨਾ ਭਰਿਆ ਪਿਆ ਹੋਣ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਕੈਨੇਡਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਕਰੀਬ 45 ਦੇਸ਼ਾਂ ਵਿੱਚ ਸਮਝੀ ਤੇ ਪੜ•ੀ ਜਾਣ ਵਾਲੀ ਅੰਤਰ-ਰਾਸ਼ਟਰੀ ਭਾਸ਼ਾ ਪੰਜਾਬੀ ਨੂੰ ਯੂ.ਐਨ.ਓ. ਮੁਤਾਬਿਕ ਸੰਸਾਰ ਵਿੱਚ ਬੋਲੀਆਂ ਜਾਣ ਵਾਲੀਆਂ ਹਜ਼ਾਰਾਂ ਭਾਸ਼ਾਵਾਂ ਵਿੱਚੋਂ 13ਵਾਂ ਸਥਾਨ ਹਾਸਲ ਹੈ । ਉਨ•ਾਂ ਅੰਗਰੇਜੀ ਤੋਂ ਬਾਅਦ ਇੰਗਲੈਂਡ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਸ਼ੈਲੀ ਦਾ ਕੈਨੇਡਾ ਵਿੱਚ ਦੂਸਰਾ ਸਥਾਨ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਨਬਜ਼ ਪਛਾਣਦੇ ਹੋਏ ਮਾਤ-ਭਾਸ਼ਾ ਪੰਜਾਬੀ ਨੂੰ ਸਿੰਘਾਸਨ ’ਤੇ ਮਹਾਂਰਾਣੀ ਬਣਾ ਕੇ ਬਿਠਾਉਣ ਦੇ ਸਾਨੂੰ ਸਾਂਝੇ ਤੌਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ । ਪ੍ਰਸਿੱਧ ਲੋਕ ਗਾਇਕ ਹਰਦਿਆਲ ਪਰਵਾਨਾ ਨੇ ਇਸ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਵਿਚਾਰੀ ਤਾਂ ਹਮੇਸ਼ਾ ਹੀ ਕਿਸਮਤ ਮਾਰੀ ਹੀ ਰਹੀ ਹੈ । ਚਾਹੇ ਸਦੀਆਂ ਤੋਂ ਬਹੁਤ ਸਾਰੇ ਪੰਜਾਬੀਆਂ ਨੇ ਇਸ ਬੋਲੀ ਨੂੰ ਹਿੱਕ ਨਾਲ ਲਾਈ ਰੱਖਿਆ ਪਰ ਸਰਕਾਰੇ ਦਰਬਾਰੇ ਇਸਨੂੰ ਕਦੀ ਮਾਨਤਾ ਨਹੀਂ ਮਿਲੀ । ਪੰਜਾਬੀ ਭਾਸ਼ਾ ਨੂੰ ਪੰਜਾਬੀ ਸਾਹਿਤ ਵੱਲੋਂ ਹੋਰ ਖੁਸ਼ਹਾਲ ਬਣਾਉਣ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਸਾਡੇ ਸਾਹਿਤ ਵਿੱਚ ਉਹ ਮਹਾਨਤਾ, ਖਿੱਚ ਤੇ ਲੋਕ-ਸਾਂਝ ਹੋਣੀ ਚਾਹੀਦੀ ਹੈ ਜੋ ਸਾਡੀ ਭਾਸ਼ਾ ਦੀ ਕਾਇਆ ਨੂੰ ਅੰਦਰੋਂ ਰੌਸ਼ਨ ਕਰੇ ।

Post a Comment