ਹੁਸ਼ਿਆਰਪੁਰ, 22 ਫਰਵਰੀ/ਸਫਲਸੋਚ/ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮਨੱਸਵੀ ਕੁਮਾਰ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਸਬੰਧਤ ਉਪ-ਮੰਡਲ ਮੈਜਿਸਟਰੇਟ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ / ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ ਬਹਾਓ ਨੂੰ ਲੈ ਕੇ ਪਿੰਡਾਂ ਵਿੱਚ ਝੱਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਨੂੰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ।ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਮੂਹ ਸਿਵਲ ਹਸਪਤਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨੇ ਅਤੇ ਰੈਲੀਆਂ ਕਰਨ ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਿਵਲ ਹਸਪਤਾਲਾਂ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਕੀਤੇ ਜਾਂਦੇ ਧਰਨੇ ਅਤੇ ਰੈਲੀਆਂ ਨਾਲ ਮਰੀਜਾਂ ਦੀ ਤਕਲੀਫ਼ ਅਤੇ ਪ੍ਰੇਸ਼ਾਨੀ ਵਿੱਚ ਹੁੰਦੇ ਵਾਧੇ ਨੂੰ ਰੋਕਣ ਅਤੇ ਸਰਕਾਰੀ ਡਾਕਟਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਆਉਂਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਉਕਤ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ ਵਿਅਕਤੀਆਂ (ਆਦਮੀਆਂ) ਨੂੰ ਪਾਵਰ ਟਰਾਂਸਮਿਸ਼ਨ ਲਾਈਨਾਂ / ਸਬ-ਸਟੇਸ਼ਨ /ਟਰਾਂਸਫਾਰਮਰ / ਰੇਲ ਗੱਡੀਆਂ ਦੀਆਂ ਪਟੜੀਆਂ/ ਅਨਾਜ ਭੰਡਾਰ /ਨਹਿਰਾਂ ਦੇ ਕੰਢੇ ਦੇ ਪੁੱਲ/ ਸਰਕਾਰੀ ਬੈਂਕਾਂ ,ਪੇਂਡੂ ਗ੍ਰਾਮੀਣ ਬੈਂਕਾਂ/ ਡਾਕਖਾਨੇ / ਪੈਟਰੋਲ ਪੰਪਾਂ ਅਤੇ ਹੋਰ ਸਰਕਾਰੀ ਦਫਤਰ ਤੇ ਸੰਸਥਾਵਾਂ ਨੂੰ ਮੁਮਕਿਨ ਤੋੜ-ਫੋੜ ਜਾਂ ਸਾੜ-ਫੂਕ ਦੁਆਰਾ ਨਸ਼ਟ ਕੀਤੇ ਜਾਣ ਤੋਂ ਬਚਾਉਣ ਲਈ 24 ਘੰਟੇ ਠੀਕਰੀ ਪਹਿਰਾ ਤੇ ਰਾਖੀ ਕਰਨ ਦੀ ਡਿਊਟੀ ਨਿਭਾਉਣ ਲਈ ਕਿਹਾ । ਉਨ੍ਹਾਂ ਇਹ ਹੁਕਮ ਵੀ ਕੀਤਾ ਕਿ ਹਰ ਪਿੰਡ ਦੀ ਪੰਚਾਇਤ ਉਕਤ ਐਕਟ ਅਧੀਨ ਧਾਰਾ ਦੀ ਪੂਰੀ ਤਰਜਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਵਿਚ ਉਕਤ ਡਿਊਟੀ ਅਦਾ ਕਰਵਾਏਗੀ। ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਪੈਂਦੇ ਹੋਟਲਾਂ / ਰੈਸਟੋਰੈਂਟਾਂ ਵਿੱਚ ਮਾੜੀਆਂ ਦੁਰਘਟਨਾਵਾਂ ਨੂੰ ਰੋਕਣ, ਆਮ ਜਨਤਾ, ਹੋਟਲ ਰੈਸਟੋਰੈਂਟਾਂ ਦੀਆਂ ਇਮਾਰਤਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ ਆਪਣੇ-ਆਪਣੇ ਹੋਟਲ ਰੈਸਟੋਰੈਂਟਾਂ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਐਕਸਰੇ ਮਸ਼ੀਨ ਲਗਾਉਣ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਸਾਰੇ ਹੁਕਮ 20 ਅਪ੍ਰੈਲ 2013 ਤੱਕ ਲਾਗੂ ਰਹਿਣਗੇ।

Post a Comment