ਸ੍ਰੀ ਮੁਕਤਸਰ ਸਾਹਿਬ, 23 ਫਰਵਰੀ (ਸਫਲਸੋਚ )ਅੱਜ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਸ੍ਰੀ ਵਿਵੇਕ ਪੁਰੀ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ‑ਕਮ‑ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਲੋਕ ਅਦਾਲਤਾਂ ਆਯੋਜਿਤ ਕੀਤੀਆਂ ਗਈਆਂ।ਇਸ ਬਾਰੇ ਜਾਣਕਾਰੀ ਦਿੰਦਿਆਂ ਸ: ਦਲਜੀਤ ਸਿੰਘ ਰਲਹਣ ਸਿਵਲ ਜੱਜ ਸੀਨੀਅਰ ਡਵੀਜਨ‑ਕਮ‑ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਇਸ ਲੋਕ ਅਦਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ 4 ਬੈਂਚ, ਮਲੋਟ ਵਿਖੇ 2 ਅਤੇ ਗਿੱਦੜਬਾਹਾ ਵਿਖੇ 1 ਬੈਂਚ ਸਥਾਪਿਤ ਕੀਤੇ ਗਏ। ਇਸ ਦੌਰਾਨ ਕੁੱਲ 148 ਕੇਸ ਸੁਣਵਾਈ ਲਈ ਆਏ ਜ਼ਿਨ੍ਹਾਂ ਵਿਚੋਂ 93 ਕੇਸਾਂ ਦਾ ਮੌਕੇ ਤੇ ਹੀ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕਰ ਦਿੱਤਾ ਗਿਆ ਅਤੇ ਕੁੱਲ 2 ਕਰੋੜ 3 ਲੱਖ 80 ਹਜਾਰ 162 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮੈਗਾ ਲੋਕ ਅਦਾਲਤ ਵਿਚ ਹਰ ਤਰਾਂ ਦੇ ਦਿਵਾਨੀ ਅਤੇ ਫੈਸਲਾ ਹੋ ਸਕਣਯੋਗ ਫੌਜਦਾਰੀ ਕੇਸ ਸੁਣੇ ਗਏ।ਇਸ ਮੌਕੇ ਲੋਕ ਅਦਾਲਤਾਂ ਦੇ ਲਗਾਏ ਬੈਂਚਾਂ ਦੇ ਨੀਰਿਖਣ ਤੋਂ ਬਾਅਦ ਸੰਬੋਧਨ ਕਰਦਿਆਂ ਸ੍ਰੀ ਵਿਵੇਕ ਪੁਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਕੀਤੇ ਗਏ ਫੈਸਲੇ ਨਾਲ ਨਾ ਕੇਵਲ ਝਗੜੇ ਦਾ ਅੰਤ ਹਮੇਸਾ ਲਈ ਹੋ ਜਾਂਦਾ ਹੈ ਸਗੋਂ ਦੋਹਾਂ ਧਿਰਾਂ ਦੇ ਬੇਸਕੀਮਤੀ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਅਤੇ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ ਕਿਉਂਕਿ ਲੋਕ ਅਦਾਲਤਾਂ ਰਾਹੀਂ ਕੀਤੇ ਫੈਸਲੇ ਨਾਲ ਕਿਸੇ ਦੀ ਜਿੱਤ ਜਾਂ ਹਾਰ ਨਹੀਂ ਹੁੰਦੀ। ਉਨ੍ਹਾਂ ਪ੍ਰੇਰਿਤ ਕੀਤਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਇੰਨ੍ਹਾਂ ਲੋਕ ਅਦਾਲਤਾਂ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤਾਂ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਜ਼ਿਲ੍ਹਾ ਅਤੇ ਉਪਮੰਡਲ ਪੱਧਰ ਤੇ ਲਗਾਈ ਜਾਂਦੀ ਹੈ।

Post a Comment