ਦੋਦਾ, ਸ੍ਰੀ ਮੁਕਤਸਰ ਸਾਹਿਬ, 23 ਫਰਵਰੀ ( ਸਫਲਸੋਚ )ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਦੋਦਾ ਖੇਤਰ ਦੇ ਵੱਖ ਵੱਖ ਪਿੰਡਾਂ ਵਿਚ ਸਥਿਤ ਸਰਕਾਰੀ ਅਦਾਰਿਆਂ ਵਿਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਏ.ਸੀ.ਯੂ.ਟੀ. ਸ੍ਰੀ ਕੇ.ਐਸ.ਰਾਜ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਕਰਮਚਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਰਕਾਰੀ ਡਿਊਟੀ ਵਿਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਪਿੰਡ ਭੁੱਲਰ ਵਾਲਾ ਅਤੇ ਕਾਊਣੀ ਦੇ ਵੈਟਰਨਰੀ ਡਿਸਪੈਂਸਰੀਆਂ ਦੀ ਜਾਂਚ ਕੀਤੀਆਂ। ਕਾਊਣੀ ਦਾ ਫਾਰਮਾਸਿਸਟ ਤਿੰਨ ਦਿਨ ਤੋਂ ਛੁੱਟੀ ਤੇ ਸੀ ਇਸ ਸਬੰਧੀ ਉਨ੍ਹਾਂ ਨੇ ਪਤਾ ਲਗਾਉਣ ਲਈ ਕਿਹਾ ਕਿ ਉਸਦੀਆਂ ਛੁੱਟੀਆਂ ਦਾ ਪਤਾ ਕੀਤਾ ਜਾਵੇ। ਇਸੇ ਤਰਾਂ ਉਨ੍ਹਾਂ ਨੇ ਕਾਊੁਣੀ ਅਤੇ ਭਲਾਈ ਆਣਾ ਦੀਆਂ ਡਿਸਪੈਂਸਰੀਆਂ ਦੀ ਜਾਂਚ ਕੀਤੀ। ਕਾਊਣੀ ਡਿਸਪੈਂਸਰੀ ਦੀ ਜਾਂਚ ਸਮੇਂ ਸਟਾਫ ਨੇ ਦੱਸਿਆ ਕਿ ਅੱਜ ਡਾਕਟਰ ਦੀ ਡਿਊਟੀ ਭਲਾਈਆਣਾ ਹੈ ਇਸੇ ਲਈ ਉਨ੍ਹਾਂ ਖੁਦ ਭਲਾਈਆਣਾ ਜਾ ਕੇ ਡਾਕਟਰ ਦੀ ਹਾਜਰੀ ਚੈਕ ਕੀਤੀ। ਭਲਾਈਆਣਾ ਵਿਖੇ ਡਾਕਟਰ ਹਾਜਰ ਪਾਈ ਗਈ। ਇਸ ਦੌਰਾਨ ਕਾਊਣੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਉਨ੍ਹਾਂ ਨੇ ਆਪਦਾ ਪ੍ਰਬੰਧਨ ਸਬੰਧੀ ਚੱਲ ਰਹੇ ਸਿਖਲਾਈ ਕੈਂਪ ਦਾ ਵੀ ਜਾਇਜ਼ਾ ਲਿਆ ਅਤੇ ਇੱਥੇ ਵਿਦਿਆਰਥੀਆਂ ਨੂੰ ਗੰਭੀਰ ਆਪਦਾ ਸਮੇਂ ਬਚਾਓ ਦੇ ਢੰਗ ਤਰੀਕਿਆਂ ਸਬੰਧੀ ਦਿੱਤੀ ਜਾ ਰਹੀ ਸਿਖਲਾਈ ਦਾ ਨੀਰਿਖਣ ਕੀਤਾ। ਪਿੰਡ ਕਾਊੁਣੀ ਦੇ ਹੀ ਸਰਕਾਰੀ ਪ੍ਰਾਈਮਰੀ ਸਕੂਲ ਮੇਨ ਵਿਚ ਭਾਵੇਂ ਵਿਦਿਆਰਥੀਆਂ ਦਾ ਪੜਾਈ ਦਾ ਪੱਧਰ ਸੰਤੋਸਜਨਕ ਪਾਇਆ ਗਿਆ ਪਰ ਇੱਥੇ 208 ਵਿਚੋਂ ਕੇਵਲ 77 ਬੱਚੇ ਹੀ ਹਾਜਰ ਸਨ। ਇਸੇ ਤਰਾਂ ਪਿੰਡ ਭਲਾਈਆਣਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਚ ਵੀ 630 ਵਿਚੋਂ 294 ਬੱਚੇ ਗੈਰਹਾਜਰ ਸਨ। ਵਿਦਿਆਰਥੀਆਂ ਦੀ ਇਸ ਵੱਡੀ ਗੈਰਹਾਜਰੀ ਸਬੰਧੀ ਉਨ੍ਹਾਂ ਨੇ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੀ ਹਾਜਰੀ ਯਕੀਨੀ ਬਣਾਉਣ ਲਈ ਗੰਭੀਰ ਉਪਰਾਲੇ ਕੀਤੇ ਜਾਣ। ਪਿੰਡ ਭਲਾਈਆਣਾ ਦੇ ਸਕੂਲ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵੀ ਘੱਟ ਕਰਵਾਏ ਜਾਣ ਦਾ ਖੁਲਾਸਾ ਹੋਇਆ ਜਿਸ ਤੇ ਉਨ੍ਹਾਂ ਤਾੜਨਾ ਕੀਤੀ ਕੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਲਾਜ਼ਮੀ ਤੌਰ ਤੇ ਕਰਵਾਏ ਜਾਣ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਡਲ ਹਾਈ ਸਕੂਲ ਕਾਊਣੀ ਦਾ ਵੀ ਜਾਇਜ਼ਾ ਲਿਆ।


Post a Comment