ਹੁਸ਼ਿਆਰਪੁਰ, 23 ਫਰਵਰੀ/ਸਫਲਸੋਚ/ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਜੀ.ਕੇ.ਧੀਰ ਦੀ ਦੇਖ-ਰੇਖ ਹੇਠਾਂ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ। ਇਹ ਲੋਕ ਅਦਾਲਤਾਂ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈਆਂ ਗਈਆਂ। ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 10, ਦਸੂਹਾ ਵਿਖੇ 2 ਮੁਕੇਰੀਆਂ 2 ਅਤੇ ਗੜ੍ਹਸ਼ੰਕਰ ਵਿਖੇ 1 ਬੈਂਚ ਬਣਾਇਆ ਗਿਆ। ਇਨ੍ਹਾਂ ਬੈਂਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜ਼ਾਮੰਦੀ ਨਾਲ ਕੀਤਾ ਜਾ ਸਕੇ। ਪ੍ਰਧਾਨ ਬਾਰ ਐਸੋਸੀਏਸ਼ਨ ਸ੍ਰੀ ਰਣਜੀਤ ਕੁਮਾਰ ਨੇ ਬਾਰ ਮੈਂਬਰਾਂ ਦੇ ਸਹਿਯੋਗ ਨਾਲ ਇਸ ਲੋਕ ਅਦਾਲਤ ਨੂੰ ਕਾਮਯਾਬ ਕਰਨ ਵਿੱਚ ਪੂਰਾ ਯੋਗਦਾਨ ਪਾਇਆ। ਇਸ ਮਾਸਿਕ ਲੋਕ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿੱਚ ਕੁਲ 365 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚ 179 ਕੇਸਾਂ ਦਾ ਨਿਪਟਾਰਾ ਰਜ਼ਾਮੰਦੀ ਨਾਲ ਕੀਤਾ ਗਿਆ। ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ 7594106/- ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ ਗਏ । ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਜੀ ਕੇ ਧੀਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਹ 174ਵੀਂ ਲੋਕ ਅਦਾਲਤ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3542 ਲੋਕਾਂ ਨੂੰ ਮੁਫ਼ਤ ਕਾਨੁੰਨੀ ਸਹਾਇਤਾ ਦਿੱਤੀ ਜਾ ਚੁੱਕੀ ਅਤੇ ਕਰੀਬ 405 ਕਾਨੂੰਨੀ ਸਾਖਰਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘੱਟਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤਾਂ ਵਿੱਚ ਲਗਾਉਣ ਲਈ ਉਨ੍ਹਾਂ ਪਾਸ ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ),-ਸਹਿਤ ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਜਾਂ ਵਧੀਕ ਜੱਜ (ਸ ਡ) ਸਹਿਤ ਸਕੱਤਰ, ਉਪ ਮੰਡਲੀ ਕਾਨੂੰਨੀ ਸੇਵਾਵਾਂ ਕਮੇਟੀ, ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕ ਸ) ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਬੈਨਰ ਲਗਾ ਕੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਕੀਤਾ ਗਿਆ।

Post a Comment