ਹੁਸ਼ਿਆਰਪੁਰ, 23 ਫਰਵਰੀ/ਸਫਲਸੋਚ/ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਉਨ੍ਹਾਂ ਨੂੰ ਆਧੁਨਿਕ ਸਮਾਰਟ ਬੋਰਡ ਰਾਹੀਂ ਸਿਖਿਆ ਦੇਣ ਸਬੰਧੀ ਜਾਣਕਾਰੀ ਦੇਣ ਲਈ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਨੱਸਵੀ ਕੁਮਾਰ ਦੀ ਪ੍ਰਧਾਨਗੀ ਹੇਠ ਸਿਖਿਆ ਵਿਭਾਗ ਅਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੀਅਰਸਨ ਐਜੂਕੇਸ਼ਨ ਸਰਵਿਸ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਆਧੁਨਿਕ ਢੰਗ ਨਾਲ ਪੜਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਬੀ.ਐਸ.ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਸਹਾਇਕ ਕਮਿਸ਼ਨਰ ਪਰਮਦੀਪ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਮੈਡਮੀ ਰਣਜੀਤ ਕੌਰ ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸੁਖਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਰਾਮ ਪਾਲ ਸਿੰਘ, ਉਪ ਅਰਥ ਤੇ ਅੰਕੜਾ ਅਫਸਰ ਰਾਕੇਸ਼ ਕਾਲੀਆ, ਅਸ਼ੀਸ਼ ਬਾਜਾਜ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸਬੰਧਤ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ। ਪੀਅਰਸਨ ਐਜੂਕੇਸ਼ਨ ਸਰਵਿਸ ਦੇ ਨੁਮਾਇੰਦੇ ਗੋਰਵ ਦੇਵਗਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਸਮਾਰਟ ਬੋਰਡ ਰਾਹੀਂ ਡਿਜੀਟਲ ਸਿੱਖਿਆ ਦੇਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਬੱਚਿਆਂ ਨੂੰ ਰੌਚਕ ਢੰਗ ਨਾਲ ਪੜਾਈ ਕਰਵਾਈ ਜਾ ਸਕੇਗੀ ਅਤੇ ਬੱਚਿਆਂ ਨੂੰ ਜਮਾਤ ਵਿੱਚ ਸਮਾਰਟ ਬੋਰਡ ਰਾਹੀਂ ਸਿੱਖਣ ਲਈ ਇੱਕ ਆਧੁਨਿਕ ਮਾਹੌਲ ਮਿਲੇਗਾ ਕਿਉਂਕਿ ਇਹ 21ਵੀਂ ਸਦੀ ਦੀ ਸਿੱਖਿਆ ਲਈ ਸਕੂਲ ਵਿੱਚ ਸਿੱਖਣ ਲਈ ਪ੍ਰਭਾਵਸ਼ਾਲੀ ਉਪਕਰਨ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਸ ਵਿੱਚ ਬੱਚਿਆਂ ਲਈ ਅਸਲ ਦੁਨੀਆਂ ਦੇ ਅਨੁਭਵ ਨੂੰ ਸਿੱਖਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਰਟ ਬੋਰਡ ਰਾਹੀਂ ਅਧਿਆਪਕ ਆਪਣਾ ਸਬਕ ਹੋਰ ਵੀ ਵਧੀਆ ਤੇ ਰੌਚਕ ਪੜਾ ਸਕਦੇ ਹਨ। ਇਸ ਨਾਲ ਬੱਚਿਆਂ ਨੂੰ ਆਪਣੇ ਹੱਥੀ ਕਰਕੇ ਸਿੱਖਣ ਦਾ ਸਭ ਤੋਂ ਵਧੀਆ ਮੌਕਾ ਮਿਲੇਗਾ ਅਤੇ ਇਸ ਰਾਹੀਂ ਵਿਦਿਆਰਥੀਆਂ ਵਿੱਚ ਆਪ ਕੁਝ ਨਵਾਂ ਕਰਨ ਦੀ ਸੋਚ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਅਧਿਆਕ ਵਰਗ ਵੀ ਬੱਚਿਆਂ ਨੂੰ ਚੰਗੀ ਤਰ੍ਹਾਂ ਪੜਾ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰ ਸਕਣਗੇ।

Post a Comment