ਨਾਭਾ, (ਪਟਿਆਲਾ),2 ਫਰਵਰੀ: ਪੰਜਾਬ ਦੇ ਮਾਲ ਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਆਪਣੇ ਏਜੰਟ ਪਰਮਜੀਤ ਸਿੰਘ ਸਰਨੇ ਰਾਹੀਂ ਦਿੱਲੀ ਅਤੇ ਪੰਜਾਬ ਦੇ ਸਿੱਖਾਂ ਦਰਮਿਆਨ ਫੁੱਟ ਪਾਉਣ ਦੀ ਕੀਤੀ ਕੋਸ਼ਿਸ਼ ਦਿੱਲੀ ਦੀ ਸਿੱਖ ਸੰਗਤ ਵੱਲੋਂ ਨਾਕਾਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਰਨੇ ਵਰਗੇ ਪੰਥ ਦੇ ਗਦਾਰਾਂ ਰਾਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਵੀ ਠੇਸ ਪਹੁੰਚਾਉਣ ਦੀ ਕੋਝੀ ਸਾਜਿਸ਼ ਕੀਤੀ ਗਈ ਸੀ, ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ਼ ਰੱਖਣ ਵਾਲੀਆ ਸੰਗਤਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ। ਸ. ਮਜੀਠੀਆ ਅੱਜ ਇਥੇ ਸੂਗਰਫੈਡ ਪੰਜਾਬ ਦੇ ਚੇਅਰਮੈਨ ਸ. ਸੁਖਬੀਰ ਸਿੰਘ ਵਾਹਲਾ ਦੇ ਸਪੁੱਤਰ ਸ. ਗੁਰਲਾਲ ਸਿੰਘ ਅਤੇ ਪਿੰਡ ਰੋਹਟੀ ਮੌੜਾਂ ਦੇ ਸ. ਦਰਸ਼ਨ ਸਿੰਘ ਖੱਟੜਾ ਦੀ ਸਪੁੱਤਰੀ ਬੀਬੀ ਦੀਪਿੰਦਰ ਕੌਰ ਦੇ ਵਿਆਹ ਸਮਾਰੋਹ ਮੌਕੇ ਨਵ ਵਿਆਹੁਤਾ ਜੋੜੀ ਨੂੰ ਆਸ਼ੀਰਵਾਦ ਦੇਣ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਨੀਤ ਕੌਰ ਵੱਲੋਂ ਕਾਂਗਰਸ ਦੀ ਬੀ ਟੀਮ ਦੇ ਆਗੂ ਸਰਨਾ ਦੇ ਹੱਕ 'ਚ ਕੀਤੇ ਖੁਲ੍ਹੇਆਮ ਪ੍ਰਚਾਰ ਨੇ ਕਾਂਗਰਸ ਦਾ ਧਰਮ ਨਿਰਪੱਖਤਾ ਵਾਲਾ ਚਿਹਰਾ ਵੀ ਬੇਨਕਾਬ ਕਰ ਦਿੱਤਾ ਹੈ ਜਦਕਿ ਕਾਂਗਰਸ ਦੀ ਸੀਨੀਅਰ ਆਗੂ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਵੱਲੋਂ ਕੈਪਟਨ ਦੀਆਂ ਇਨ੍ਹਾਂ ਕਾਰਵਾਈਆਂ ਦਾ ਖੁਲ੍ਹੇਆਮ ਵਿਰੋਧ ਵੀ ਕੀਤਾ ਗਿਆ ਸੀ। ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਿੱਖਾਂ ਦੇ ਅਨਮੋਲ ਵਿਰਸੇ ਅਤੇ ਵਜੂਦ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ 'ਤੇ ਕਾਬਜ ਹੋਣ ਲਈ ਕਾਂਗਰਸ ਕਾਡਰ ਰਾਹੀਂ ਪਰਦੇ ਦੇ ਪਿੱਛੇ ਰਹਿ ਕੇ ਕੰਮ ਕੀਤਾ ਸੀ, ਜਦਕਿ ਦਿੱਲੀ ਦੀਆਂ ਗੁਰਦੁਆਰਾ ਚੋਣਾਂ ਦੌਰਾਨ ਆਪਣਾਂ ਧਰਮ ਨਿਰਪੱਖਤਾ ਦਾ ਨਕਾਬ ਉਤਾਰਦਿਆਂ ਸ਼ਰੇਆਮ ਇਨ੍ਹਾਂ ਚੋਣਾਂ ਦੌਰਾਨ ਸਰਨੇ ਦੇ ਹੱਕ 'ਚ ਪ੍ਰਚਾਰ ਕਰਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਦਿੱਲੀ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੀਆਂ ਸੰਗਤਾਂ ਨਾਲ ਜੋ-ਜੋ ਵਾਅਦੇ ਕੀਤੇ ਉਹ ਹਰ ਹਾਲ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਕਮੇਟੀ ਦੇ ਅਧੀਨ ਆਉਂਦੀਆਂ ਸਾਰੀਆਂ ਸੰਸਥਾਵਾਂ ਦਾ ਪ੍ਰਬੰਧ ਸਹੀ ਕੀਤਾ ਜਾਵੇਗਾ ਅਤੇ ਸਰਨੇ ਵੱਲੋਂ ਸਾਰੇ ਧਾਰਮਿਕ ਪੁਰਬ ਵੱਖਰੇ ਮਨਾ ਕੇ ਸਿੱਖਾਂ 'ਚ ਜੋ ਪਾੜਾ ਪਾਇਆ ਗਿਆ ਸੀ, ਨੂੰ ਦੂਰ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਸਾਰੇ ਗੁਰਪੁਰਬ ਇਕ ਤਰੀਕ 'ਤੇ ਮਨਾਏ ਜਾਣਗੇ।ਇਸ ਮੌਕੇ ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ, ਸੂਗਰਫੈਡ ਪੰਜਾਬ ਦੇ ਚੇਅਰਮੈਨ ਸ. ਸੁਖਬੀਰ ਸਿੰਘ ਵਾਹਲਾ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਸ. ਅਵਤਾਰ ਸਿੰਘ ਮਿੰਨਾ ਜੀਰਾ, ਨਗਰ ਨਿਗਮ ਮੇਅਰ ਸ. ਜਸਪਾਲ ਸਿੰਘ ਪ੍ਰਧਾਨ, ਐਸ.ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰੀਤਇੰਦਰ ਸਿੰਘ, ਸਾਬਕਾ ਚੇਅਰਮੈਨ ਯੂਥ ਵਿਕਾਸ ਬੋਰਡ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਮੱਖਣ ਸਿੰਘ ਲਾਲਕਾ, ਸ. ਲਖਬੀਰ ਸਿੰਘ ਲੌਟ, ਮੈਂਬਰ ਜਨਰਲ ਕੌਂਸਲ ਸ਼੍ਰੀ ਅਸ਼ੋਕ ਬਾਂਸਲ, ਫਿਰੋਜ਼ਪੁਰ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼੍ਰੀ ਮੋਂਟੂੰ ਵੋਹਰਾ, ਕੌਂਸਲਰ ਸ. ਪਰਮਜੀਤ ਸਿੰਘ ਪੰਮਾਂ, ਸ. ਗੁਰਸੇਵਕ ਸਿੰਘ ਗੋਲੂ ਸਮੇਤ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਪੀ. ਐਚ ਸ. ਸਮਸ਼ੇਰ ਸਿੰਘ ਬੋਪਾਰਾਏ, ਐਸ.ਪੀ. ਸਿਟੀ ਸ. ਦਲਜੀਤ ਸਿੰਘ ਰਾਣਾ, ਐਸ.ਪੀ. ਡੀ. ਸ. ਪ੍ਰਿਤਪਾਲ ਸਿੰਘ ਥਿੰਦ, ਐਸ.ਡੀ.ਐਮ. ਪਟਿਆਲਾ ਸ. ਗੁਰਪਾਲ ਸਿੰਘ ਚਹਿਲ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
Post a Comment