ਰਾਜਪੁਰਾ (ਪਟਿਆਲਾ), 2 ਫਰਵਰੀ:/ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਅਲਤਮਸ ਕਬੀਰ ਵੱਲੋਂ ਅੱਜ ਸ਼ਾਮ ਰਾਜਪੁਰਾ ਵਿਖੇ ਸਥਿਤ ਐਸ.ਓ.ਐਸ. ਬਾਲ ਪਿੰਡ (ਐਸ.ਓ.ਐਸ ਵਿਲੇਜ) ਦਾ ਦੌਰਾ ਕੀਤਾ ਗਿਆ । ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਉਥੇ ਰਹਿ ਰਹੇ ਬੇਸਹਾਰਾ ਤੇ ਅਨਾਥ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸ਼੍ਰੀ ਅਲਤਮਸ ਕਬੀਰ ਨੇ ਬਾਲ ਪਿੰਡ ਵਿੱਚ ਸਥਾਪਤ ਕੀਤੇ ਗਏ ਇੱਕ ਕਾਨੂੰਨੀ ਸਾਖ਼ਰਤਾ ਕਲੱਬ ਦਾ ਉਦਘਾਟਨ ਵੀ ਕੀਤਾ । ਸ਼੍ਰੀ ਅਲਤਮਸ ਕਬੀਰ ਨੇ ਬਾਲ ਪਿੰਡ ਵਿੱਚ ਰਹਿੰਦੇ ਬੱਚਿਆਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਦੇ ਪ੍ਰਬੰਧਾਂ ਅਤੇ ਫਿਰ ਉਨ੍ਹਾਂ ਨੂੰ ਰੁਜਗਾਰ ਹਾਸਲ ਕਰਨ ਦੇ ਸਮਰੱਥ ਬਣਾਉਣ ਵਿੱਚ ਪ੍ਰਬੰਧਕਾਂ ਦੁਆਰਾ ਕੀੇਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ । ਇਸ ਮੌਕੇ ਬਾਲ ਪਿੰਡ ਵਿਖੇ ਮਾਣਯੋਗ ਚੀਫ ਜਸਟਿਸ ਦਾ ਜ਼ੋਰਦਾਰ ਢੰਗ ਨਾਲ ਸਵਾਗਤ ਕੀਤਾ ਗਿਆ । ਬਾਲ ਪਿੰਡ ਦੇ ਡਾਇਰੈਕਟਰ ਸ਼੍ਰੀ ਆਰ.ਕੇ. ਸਿਨਹਾ ਨੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਬਾਲ ਪਿੰਡ ਵਿੱਚ ਰਹਿੰਦੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਥੇ ਉਨ੍ਹਾਂ ਨੂੰ ਪੂਰਾ ਪਿਆਰ, ਸਨਮਾਨ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਉਹ ਵਚਨਬੱਧ ਹਨ । ਉਨ੍ਹਾਂ ਦੱਸਿਆ ਕਿ ਬਾਲ ਪਿੰਡ ਵਿੱਚ 14 ਘਰ ਹਨ ਅਤੇ ਹਰੇਕ ਘਰ ਵਿੱਚ ਇੱਕ ਮਾਂ ਵੀ ਹੈ ਜੋ ਬੱਚਿਆਂ ਲਈ ਸੁਚੱਜਾ ਵਾਤਾਵਰਣ ਸਿਰਜਦੀ ਹੈ । ਇਸ ਮੌਕੇ ਸ਼ੀ੍ਰ ਅਲਤਮਸ ਕਬੀਰ ਨੇ ਬਾਲ ਪਿੰਡ ਵਿੱਚ ਬਣੇ ਇੱਕ ਘਰ ਦਾ ਵੀ ਦੌਰਾ ਕੀਤਾ ਅਤੇ ਉਥੇ ਰਹਿੰਦੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ । ਇਸ ਮੌਕੇ ਮਾਣਯੋਗ ਚੀਫ ਜਸਟਿਸ ਸ਼੍ਰੀ ਅਲਤਮਸ ਕਬੀਰ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ਼੍ਰੀ ਏ.ਕੇ. ਸਿੱਕਰੀ ਨੂੰ ਸਨਮਾਨ ਵੱਜੋਂ ਫੁਲਕਾਰੀ ਭੇਟ ਕੀਤੀ ਗਈ । ਇਸ ਦੌਰਾਨ ਚੀਫ ਜਸਟਿਸ ਵੱਲੋਂ ਕੁਝ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ।ਸਮਾਗਮ ਦੌਰਾਨ ਜਸਟਿਸ ਸੂਰਯਾਕਾਂਤ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ, ਜਸਟਿਸ ਅਜੇ ਕੁਮਾਰ ਮਿੱਤਲ, ਜਸਟਿਸ ਇੰਦਰਜੀਤ ਸਿੰਘ ਵਾਲੀਆ, ਜਸਟਿਸ ਪਰਮਜੀਤ ਸਿੰਘ ਧਾਲੀਵਾਲ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਪਟਿਆਲਾ ਸ਼੍ਰੀ ਰਾਜ ਸ਼ੇਖਰ ਅੱਤਰੀ, ਸੀ.ਜੇ.ਐਮ. ਸ਼੍ਰੀ ਸ਼ਤਿਨ ਗੋਇਲ, ਸੀ.ਜੇ.ਐਮ ਰੋਪੜ ਸ਼੍ਰੀ ਗੋਪਾਲ ਅਰੋੜਾ, ਸ਼੍ਰੀ ਕੇ.ਕੇ. ਸਿੰਗਲਾ ਸੀ.ਜੇ.ਐਮ ਲੁਧਿਆਣਾ, ਹਰਗੁਰਜੀਤ ਕੌਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ, ਦਲਜੀਤ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ, ਰਮਨੀਤ ਕੌਰ ਸਿਵਲ ਜੱਜ, ਸ਼੍ਰੀ ਪੰਕਜ ਵਰਮਾ ਸਿਵਲ ਜੱਜ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ ਸਿੰਘ, ਐਸ.ਡੀ.ਐਮ ਰਾਜਪੁਰਾ ਸ਼ੀ੍ਰ ਜੇ.ਕੇ. ਜੈਨ, ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ, ਪ੍ਰਧਾਨ ਬਾਰ ਐਸੋਸੀਏਸ਼ਨ ਸ਼੍ਰੀ ਰਾਕੇਸ਼ ਮਹਿਤਾ, ਸੀਨੀਅਰ ਸਿਟੀਜ਼ਨ ਕੌਸਲ ਦੇ ਪ੍ਰਧਾਨ ਸ. ਹਰਬੰਸ ਸਿੰਘ, ਪ੍ਰਧਾਨ ਰੋਟਰੀ ਕਲੱਬ ਸ਼੍ਰੀ ਰਿਸ਼ੀ ਸ਼ਾਹੀ, ਪ੍ਰਧਾਨ ਰੋਟਰੀ ਕਲੱਬ ਗਰੇਟਰ ਸ਼੍ਰੀ ਆਰ.ਕੇ. ਸ਼ਰਮਾ ਤੋਂ ਇਲਾਵਾ ਹੋਰ ਜੱਜ ਸਾਹਿਬਾਨ, ਸੀਨੀਅਰ ਵਕੀਲ, ਬਾਲ ਪਿੰਡ ਦੇ ਸਟਾਫ ਮੈਂਬਰ ਤੇ ਬੱਚੇ ਵੀ ਹਾਜ਼ਰ ਸਨ ।

Post a Comment