ਮੋਗਾ, 10 ਫਰਵਰੀ / ਸਫਲਸੋਚ/ ਮੋਗਾ ਉਪ ਚੋਣ ਦੀ ਮੁਹਿੰਮ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸ ਚੋਣ ਲਈ ਕਾਂਗਰਸ ਟਿਕਟ ਦੇ ਮੁੱਖ ਦਾਅਵੇਦਾਰ ਸ. ਜਗਰੂਪ ਸਿੰਘ ਤਖਤੂਪੁਰਾ ਅੱਜ ਮੋਗਾ ਇੰਪਰੂਵਮੈਂਟ ਟਰਸਟ ਦੇ ਸਾਬਕਾ ਮੈਂਬਰ ਸ. ਸਕੱਤਰ ਸਿੰਘ ਅਤੇ ਆਪਣੇ ਹੋਰ ਸੈਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਡਾ. ਦਲਜੀਤ ਸਿੰਘ ਚੀਮਾ, ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ. ਬਲਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਸ. ਤੀਰਥ ਸਿੰਘ ਮਾਹਲਾ ਅਤੇ ਮੋਗਾ ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਜੋਗਿੰਦਰ ਪਾਲ ਜੈਨ ਅਤੇ ਵੱਡੀ ਗਿਣਤੀ ਚ ਅਕਾਲੀ-ਭਾਜਪਾ ਆਗੂਆਂ ਦੀ ਹਾਜ਼ਰੀ ਚ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਥੇ ਜ਼ਿਕਰਯੋਗ ਹੈ ਕਿ ਸ. ਜਗਰੂਪ ਸਿੰਘ ਤਖ਼ਤੂਪੁਰਾ ਇਕ ਕੱਟੜ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਹੱਥ ਸਮਝ ਜਾਂਦੇ ਸਨ। ਸ. ਤਖਤੂਪੁਰਾ ਕਈ ਅਹਿਮ ਅਹੁਦਿਆਂ ਤੇ ਰਹੇ ਜਿੰਨ੍ਹਾਂ ਚ ਪ੍ਰਮੁੱਖ ਤੌਰ ਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ, ਚੇਅਰਮੈਨ ਮਾਰਕੀਟ ਕਮੇਟੀ ਬੱਧਨੀ, ਬਲਾਕ ਸੰਮਤੀ ਮੈਂਬਰ ਅਤੇ ਪ੍ਰਧਾਨ ਟਰੱਕ ਯੂਨੀਅਨ ਮੋਗਾ ਹਨ। ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕਾਂਗਰਸੀ ਉਮੀਦਵਾਰ ਸ੍ਰੀ ਵਿਜੈ ਸਾਥੀ ਲਈ ਵੱਡੇ ਨੁਕਸਾਨ ਵਜੋਂ ਦੇਖੀ ਜਾ ਰਹੀ ਹੈ ਜੋ ਕਿ ਪਹਿਲਾਂ ਤੋਂ ਹੀ ਅਕਾਲੀ-ਭਾਜਪਾ ਉਮੀਦਵਾਰ ਤੋਂ ਕਾਫੀ ਪਿੱਛੇ ਚੱਲਦੇ ਨਜ਼ਰ ਆ ਰਹੇ ਹਨ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਨੂੰ ਵੱਡੀ ਜਿੱਤ ਦਿਵਾਉਣ ਲਈ ਦਿਨ ਰਾਤ ਇੱਕ ਕਰਨ ਦਾ ਵਾਅਦਾ ਕਰਦਿਆਂ ਸ. ਤਖਤੂਪੁਰਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਹਜ਼ਾਰਾਂ ਸਾਥੀ ਅੱਜ ਤੋਂ ਹੀ ਸ੍ਰੀ ਜੈਨ ਦੀ ਰਿਕਾਰਡ ਤੋੜ ਜਿੱਤ ਯਕੀਨੀ ਬਨਾਉਣ ਚ ਜੁਟ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚ ਜ਼ਮੀਨੀ ਪੱਧਰ ਦੇ ਆਗੂ ਤੇ ਵਰਕਰ ਪਾਰਟੀ ਅੰਦਰਲੀ ਗੁਟਬਾਜ਼ੀ ਕਾਰਨ ਪਿਸ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਪਾਰਟੀ ਚ ਟਿਕੇ ਰਹਿਣ ਦੀ ਕੋਈ ਤੁੱਕ ਹੀ ਨਹੀਂ ਬਣਦੀ ਜਿਸ ਦੇ ਆਗੂ ਆਪਸ ਚ ਹੀ ਇੱਕ ਦੂਜੇ ਨੂੰ ਠਿੱਬੀ ਲਾਉਣ ਚ ਰੁੱਝੇ ਹੋਣ। ਉਨ੍ਹਾਂ ਕਿਹਾ ਕਾਂਗਰਸ ਚ ਰਹਿਣ ਦੀ ਇਸ ਲਈ ਵੀ ਕੋਈ ਕਾਰਨ ਨਹੀਂ ਸੀ ਰਹਿ ਗਿਆ ਕਿਉਂਕਿ ਇਸ ਦੇ ਆਗੂ ਹੁਣ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਏ ਹਨ ਅਤੇ ਮਿਲਣ ਦੇ ਮੌਕੇ ਵੀ ਸੀਨੀਅਰ ਆਗੂਆਂ ਤੱਕ ਨੂੰ ਆਪਣੇ ਬਾਰੇ ਯਾਦ ਕਰਵਾ ਕੇ ਉਨ੍ਹਾਂ ਦੀ ਸੁੱਤੀ ਯਾਦਸ਼ਕਤੀ ਨੂੰ ਹਲੂਣਾ ਦੇਣਾ ਪੈਂਦਾ ਹੈ।ਸ. ਜਗਰੂਪ ਸਿੰਘ ਤਖਤੂਪੁਰਾ ਅਤੇ ਉਨ੍ਹਾਂ ਦੇ ਹਿਮਾਇਤੀਆਂ ਦਾ ਪਾਰਟੀ ਸਫਾ ਚ ਸਵਾਗਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ. ਤਖਤੂਪੁਰਾ ਦੀ ਪਾਰਟੀ ਚ ਸ਼ਮੂਲੀਅਤ ਨੇ ਮੋਗਾ ਉਪ ਚੋਣ ਲਈ ਕਾਂਗਰਸ ਦੀ ਮੁਹਿੰਮ ਦਾ ਅੰਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਕਾਂਗਰਸੀ ਆਗੂ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣ ਲਈ ਉਤਾਵਲੇ ਹਨ ਕਿਉਂਕਿ ਕਾਂਗਰਸ ਪਾਰਟੀ ਦੇ ਆਗੂ ਹਊਮੇ ਦੀ ਲੜਾਈ ਚ ਰੁੱਝੇ ਹੋਣ ਕਾਰਨ ਉਹ ਉਨ੍ਹਾਂ ਤੋਂ ਨਿਰਾਸ਼ ਹੋ ਚੁੱਕੇ ਹਨ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾਂ ਸੀ ਕਿ ਮੋਗਾ ਉਪ ਚੋਣ 51000 ਦੇ ਫਰਕ ਨਾਲ ਜਿੱਤੀ ਜਾਵੇਗੀ ਪਰ ਹੁਣ ਹਾਲਾਤ ਦੇਖ ਕੇ ਲੱਗਦਾ ਹੈ ਕਿ ਕਾਂਗਰਸੀ ਉਮੀਦਵਾਰ ਤਾਂ ਜ਼ਮਾਨਤ ਵੀ ਨਹੀਂ ਬਚਾ ਸਕੇਗਾ।ਅੱਜ ਪਾਰਟੀ ਚ ਸ਼ਾਮਿਲ ਹੋਣ ਵਾਲੀਆਂ ਹੋਰ ਅਹਿਮ ਸ਼ਕਸੀਅਤਾਂ ਚ ਸਾਬਕਾ ਸਰਪੰਚ ਸੱਪੂਵਾਲ ਸ. ਅਮਰਪ੍ਰੀਤ ਸਿੰਘ, ਮਹਿਲਾ ਮੰਡਲ ਵਾਰਡ ਨੰਬਰ 9 ਦੀ ਪ੍ਰਧਾਨ ਸ੍ਰੀਮਤੀ ਤਾਰਾ ਦੇਵੀ, ਪਰਮਿੰਦਰ ਸਿੰਘ ਸੰਘਾ, ਸੁਖਦੇਵ ਸਿੰਘ ਗਿੱਲ, ਬਲਦੇਵ ਸਿੰਘ ਲੰਡੇਕੇ, ਸ. ਜੁਗਰਾਜ ਸਿੰਘ ਰਾਏ, ਯੂਥ ਕਾਂਗਰਸੀ ਆਗੂ ਰੁਪਿੰਦਰ ਸਿੰਘ ਲਾਲੀ, ਚਰਨਜੀਤ ਸਿੰਘ ਸੰਘਾ, ਨੰਬਰਦਾਰ ਗੁਰਚਰਨ ਸਿੰਘ, ਆੜਤੀਆ ਇਕਬਾਲ ਸਿੰਘ, ਸੈਕਟਰੀ ਅਜਮੇਰ ਸਿੰਘ, ਵਿਸ਼ਵਕਰਮਾ ਆਟੋ ਯੂਨੀਅਨ ਦੇ ਸੀਨੀਅਰ ਮੈਂਬਰ ਸਰਬਜੀਤ ਸਿੰਘ, ਗੁਰਦੇਵ ਸਿੰਘ, ਯੂਥ ਕਾਂਗਰਸ ਆਗੂ ਸੁਖਜੀਤ ਸਿੰਘ ਕਾਲਾ, ਯੂਥ ਕਾਂਗਰਸ ਪ੍ਰਧਾਨ ਚੜਿੱਕ ਸੇਵਕ ਸਿੰਘ, ਜਨਰਲ ਸੈਕਟਰੀ ਯੂਥ ਕਾਂਗਰਸ ਚੜਿੱਕ ਰਣਜੀਤ ਸਿੰਘ, ਮੈਂਬਰ ਪੰਚਾਇਤ ਚੜਿੱਕ ਗੁਰਚਰਨ ਸਿੰਘ, ਮੈਂਬਰ ਪੰਚਾਇਤ ਚੜਿੱਕ ਲਛਮਣ ਸਿੰਘ, ਵਿਸ਼ਵਕਰਮਾ ਆਟੋ ਯੂਨੀਅਨ ਦੇ ਅਜਮੇਰ ਸਿੰਘ ਬਿੱਟੂ, ਗੁਰਦੇਵ ਸਿੰਘ ਮੱਲੀ ਚੜਿੱਕ, ਕਰਮਜੀਤ ਸਿੰਘ ਚੜਿੱਕ, ਐਡਵੋਕੇਟ ਕਰਮਜੀਤ ਸਿੰਘ ਅਤੇ ਸਾਬਕਾ ਐਮ.ਸੀ. ਬੀਬੀ ਮਹਿੰਦਰ ਕੌਰ ਆਦਿ ਸ਼ਾਮਿਲ ਹਨ।
Post a Comment