ਮਾਨਸਾ 6 ਫਰਵਰੀ (ਸਫਲਸੋਚ) ਪੰਜਾਬ ਕਿਸਾਨ ਯੂਨੀਅਨ ਦੀ ਬਲਾਕ ਮਾਨਸਾ ਦੀ ਮੀਟਿੰਗ ਸਥਾਨਕ ਬਾਬਾ ਬੁਝਾ ਸਿੰਘ ਭਵਨ ਵਿਖੇ ਹੋ ਰਹੀ ਸੀ ਕਿ ਅਚਾਨਕ ਫੋਨ ਆਇਆ ਕਿ ਮਾਨਸਾ ਵਿਖੇ ਸਿੱਧੂ ਹਸਪਤਾਲ ਦੇ ਸਾਹਮਣੇ ਗਲੀ ’ਚ ਕਰਮਜੀਤ ਸਿੰਘ ਮਿਸਤਰੀ ਤੇ ਪਰਿਵਾਰ ਨੂੰ ਘਰੋਂ ਬਾਹਰ ਕਰਕੇ ਪੂਰੇ ਘਰ ਨੂੰ ਜਿੰਦਰੇ ਠੋਕ ਦਿੱਤੇ ਹਨ, ਤਾਂ ਜਥੇਬੰਦੀ ਦੇ ਵਰਕਰਾਂ ਨੇ ਮੌਕੇ ਤੇ ਪਹੁੰਚ ਕੇ ਬੈਂਕ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਮਾਮਲਾ ਵਿਗੜਦਾ ਦੇਖ ਕੇ ਬੈਂਕ ਅਧਿਕਾਰੀਆਂ ਨੂੰ ਜਿੰਦੇ ਖੋਲ੍ਹਣ ਲਈ ਮਜਬੂਰ ਹੋਣਾ ਪਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਭੀਖੀ ਨੇ ਦੱਸਿਆ ਕਿ ਕਰਮਜੀਤ ਸਿੰਘ ਨੇ ਉਪਰੋਕਤ ਬੈਂਕ ਤੋਂ ਕੁੱਝ ਸਮਾਂ ਪਹਿਲਾਂ ਸਾਢੇ ਪੰਜ ਲੱਖ ਰੁਪਏ ਲੋਨ ਲਿਆ ਸੀ ਜੋ ਹੁਣ ਵਧਕੇ ਅੱਠ ਲੱਖ ਬਣ ਚੁੱਕਾ ਹੈ ਤੇ 6 ਮਹੀਨੇ ਪਹਿਲਾਂ ਬੈਂਕ ਨੇ ਕਰਮਜੀਤ ਨੂੰ ਚਾਰ ਕਰੋੜ ਰੁਪਏ ਤੁਰੰਤ ਭਰਨ ਦਾ ਨੋਟਿਸ ਭੇਜਿਆ ਸੀ ਤੇ ਕਰਮਜੀਤ ਨੂੰ ਆਪਣਾ ਮਾਮਲਾ ਹਾਈਕੋਰਟ ’ਚ ਲਿਜਾਣਾ ਪਿਆ ਸੀ। ਪਰ ਅੱਜ ਬੈਂਕ ਵਾਲਿਆਂ ਨੇ ਅਚਾਨਕ ਧਾਵਾ ਬੋਲ ਕੇ ਪਰਿਵਾਰ ਨੂੰ ਘਰੋਂ ਬਾਹਰ ਕਰ ਦਿੱਤਾ।ਇਸ ਮੌਕੇ ਕਿਸਾਨ ਆਗੂ ਕਾ. ਦਰਸ਼ਨ ਸਿੰਘ ਟਾਲੀਆਂ, ਹਰਜਿੰਦਰ ਮਾਨਸਾਹੀਆ, ਮੱਖਣ ਸਿੰਘ ਮਾਨਸਾਹੀਆ, ਭੂਰਾ ਸਿੰਘ ਮਾਨ, ਗੁਰਪ੍ਰੀਤ ਸੱਦੇ ਵਾਲਾ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ।ਆਗੂਆਂ ਨੇ ਉਪਰੋਕਤ ਘਟਨਾ ਦੀ ਨਿੰਦਿਆ ਕਰਦਿਆਂ ਜਿਲ੍ਹਾ ਪ੍ਰਸ਼ਾਸਨ ਤੋਂ ਉਪਰੋਕਤ ਮੰਦਭਾਗੀ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਕਿ ਕਿਸੇ ਦੇ ਘਰ ਨੂੰ ਦੇਣੇ ਲੈਣੇ ’ਚ ਜਿੰਦਾ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਨਾ ਹੀ ਕੁਰਕੀ ਨਿਲਾਮੀ ਹੋਣ ਦਿੱਤੀ ਜਾਵੇਗੀ। ਕਿਉਂਕਿ ਜਥੇਬੰਦੀ ਸਮਝਦੀ ਹੈ ਕਿ ਕਰਜਾ ਲੋਕਾਂ ਸਿਰ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੀ ਬਦੌਲਤ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜਦਾ ਹੈ।

Post a Comment