ਸ੍ਰੀ ਮੁਕਤਸਰ ਸਾਹਿਬ 3 ਫਰਵਰੀ/ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਿਲ੍ਹਾ ਸ਼ੈਸ਼ਨ ਜੱਜ ਦਲਜੀਤ ਸਿੰਘ ਰਲਹਣ ਦੀ ਅਗਵਾਈ ਹੇਠ ਆਮ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹਿਤਾਂ ਪ੍ਰਤੀ ਜਾਗਰਿਤ ਕਰਨ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦੇਣ ਹਿੱਤ ‘ਦੀ ਭਾਗਸਰ ਲੀਗਲ ਲਿਟਰੇਸੀ ਕਲੱਬ, ਭਾਗਸਰ’ ਵੱਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਵਿਖੇ ਦੋ ਰੋਜ਼ਾ ਕਾਨੂੰਨੀ ਸੇਵਾਵਾਂ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਪਹਿਲੇ ਦਿਨ ਕਲੱਬ ਦੇ ਇੰਚਾਰਜ ਬੂਟਾ ਸਿੰਘ ਵਾਕਫ਼, ਤੇਜਿੰਦਰ ਕੌਰ ਅਤੇ ਰਾਜਬੀਰ ਸਿੰਘ ਨੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਦੂਸਰੇ ਦਿਨ ਲੋਕਾਂ ਨੂੰ ਵਹਿਮਾਂ ਭਰਮਾਂ ਮੁਕਤ ਬਰਾਬਰੀ ਦਾ ਸਮਾਜ ਸਿਰਜਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਆਪਣੇ ਧੰਨਵਾਦੀ ਸੰਬੋਧਨ ਦੌਰਾਨ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਨੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਔਰਤਾਂ ਦੇ ਹਿਤਾਂ ਦੀ ਰਾਖੀ ਦੀ ਅਪੀਲ ਕੀਤੀ। ਇਸ ਕੈਂਪ ਦੌਰਾਨ ਕਲੱਬ ਦੀਆਂ ਮੈਂਬਰ ਵਿਦਿਆਰਥਣਾਂ ਵਿੱਚੋਂ ਜੋਤੀ, ਰਾਜਬਿੰਦਰ ਕੌਰ ਤੇ ਅਰਸ਼ਦੀਪ ਕੌਰ ਨੇ ਵੀ ਕਾਨੂੰਨੀ ਸਾਖ਼ਰਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੀ ਦਸਵੀਂ ਸ੍ਰੇਣੀ ਦੀ ਵਿਦਿਆਰਥਣ ਨੀਤੂ ਰਾਣੀ ਨੇ ਲੜਕੀਆਂ ਨੂੰ ਸਮਾਜਿਕ ਬਰਾਬਰੀ ਦੇਣ ਸਬੰਧੀ ਗੀਤ ਪੇਸ਼ ਕੀਤੇ ਅਤੇ ਨੌਵੀਂ ਸ੍ਰੇਣੀ ਦੀਆਂ ਵਿਦਿਆਰਥਣਾਂ ਵੱਲੋਂ ਵਿਗਿਆਨ ਅਧਿਆਪਕਾ ਮੈਡਮ ਨੀਰਜ ਕੁਮਾਰੀ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਸਬੰਧੀ ਲਘੂ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਲੋਕਾਂ ਵਿਚ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਹਿੱਤ ਇਕ ਹੱਥ ਪਰਚਾ ਵੀ ਰੀਲੀਜ਼ ਕੀਤਾ ਗਿਆ। ਕੈਂਪ ਵਿਚ ਸਕੂਲ ਦੀਆਂ ਵਿਦਿਆਰਥਣਾਂ, ਅਧਿਅਪਕਾਂ ਅਤੇ ਵੱਡੀ ਗਿਣਤੀ ਵਿਚ ਆਮ ਲੋਕਾਂ ਤੇ ਮਾਪਿਆਂ ਨੇ ਭਾਗ ਲਿਆ। ਇਸ ਦੋ ਰੋਜ਼ਾ ਕੈਂਪ ਨੂੰ ਸਫ਼ਲ ਬਣਾਉਣ ਹਿਤ ਕਲੱਬ ਦੀਆਂ 25 ਮੈਂਬਰ ਵਿਦਿਆਰਥਣਾਂ ਨੇ ਵੀ ਵਿਸ਼ੇਸ ਸਹਿਯੋਗ ਦਿੱਤਾ।


Post a Comment