ਕੋਟਕਪੂਰਾ/2ਫਰਵਰੀ/ ਜੇ.ਆਰ.ਅਸੋਕ/ਆਪਣੀ ਸ਼ਖ਼ਸ਼ੀਅਤ ਨੂੰ ਨਿਖਾਰਣਾ ਕੋਈ ਔਖਾ ਨਹੀਂ, ਤੁਹਾਨੂੰ ਸਿਰਫ਼ ਸੁਚੱਜੀ ਜੀਵਨ-ਜਾਂਚ ਦਾ ਢੰਗ ਆਉਣਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਾ.ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਥਾਨਕ ਗੁਰੂਕੁਲ ਇੰਸਟੀਚਿਊਟ ਫਾਰ ਵੋਮੈਨ ਵਿਖੇ ਲਾਏ ਵਿਦਿਆਰਥੀ ਸ਼ਖ਼ਸ਼ੀਅਤ ਉਸਾਰੀ ਕੈਂਪ ਦੌਰਾਨ ਵਿਦਿਆਰਥਣਾਂ ਅਤੇ ਕਾਲਜ ਦੇ ਸਟਾਫ਼ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਸੁਚੱਜੀ ਜੀਵਨ ਜਾਂਚ, ਸ਼ਖ਼ਸ਼ੀਅਤ ਨਿਖਾਰ, ਆਪਸੀ ਸਹਿਯੋਗ ਦੀ ਭਾਵਨਾ, ਇਕਾਗਰਤਾ ਦੇ ਗੁਣਾਂ ਦੀ ਜ਼ਿੰਦਗੀ ’ਚ ਮਹੱਤਤਾ ਬਾਰੇ ਖੇਡ ਵਿਧੀ ਰਾਹੀਂ ਸਮਝਾਇਆ। ਜੀਵਨ ’ਚ ਸਫਲਤਾ ਹਾਸਲ ਕਰਨ ਦੇ ਨੁਕਤੇ ਸਾਂਝੇ ਕਰਦਿਆਂ ਉਨਾਂ ਵਿਦਿਆਰਥਣਾਂ ਨੂੰ ਜੀਵਨ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਜੀਵਨ ’ਚ ਆਉਣ ਵਾਲੀਆਂ ਸਮੱਸਿਆਵਾਂ ਸਾਡੇ ਜੀਵਨ ਨੂੰ ਬਿਹਤਰ ਬਣਾਉਣ ’ਚ ਸਹਾਈ ਹੁੰਦੀਆਂ ਹਨ। ਅਸਲ ’ਚ ਉਕਤ ਮੁਸ਼ਕਲਾਂ, ਸਮੱਸਿਆਵਾਂ ਜਾਂ ਪ੍ਰੇਸ਼ਾਨੀਆਂ ਸਾਡਾ ਇਮਤਿਹਾਨ ਹਨ। ਨਜ਼ਰੀਆ ਬਦਲਣ ਦੇ ਪਹਿਲੂ ਦੀ ਅਗਲੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਸਾਡੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਕਾਰਨ ਅਸੀਂ ਖੁਦ ਹਾਂ, ਕਿਉਂਕਿ ਸਾਡਾ ਗਲਤ ਜੀਵਨ ਢੰਗ ਹੀ ਉਕਤ ਪ੍ਰੇਸ਼ਾਨੀਆਂ ਦਾ ਸਬੱਬ ਬਣਦਾ ਹੈ। ਇਸ ਲਈ ਆਪਣੀਆਂ ਪ੍ਰੇਸ਼ਾਨੀਆਂ ਵਾਸਤੇ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣਾ ਵਾਜਬ ਨਹੀਂ। ਕੈਂਪ ਦੀ ਸ਼ੁਰੂਆਤ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਟੱਡੀ ਸਰਕਲ ਦੇ ਬੁਲਾਰਿਆਂ ਨੂੰ ਜੀ ਆਇਆਂ ਕਹਿਣ ਨਾਲ ਹੋਈ। ਇਸ ਮੌਕੇ ਗੁਰਵਿੰਦਰ ਸਿੰਘ ਸਿਵੀਆਂ ਪ੍ਰਚਾਰ ਸਕੱਤਰ ਅਤੇ ਗੁਰਿੰਦਰ ਸਿੰਘ ਕੋਟਕਪੂਰਾ ਨੇ ਵੀ ਆਪਣੇ ਵਿਚਾਰ ਰੱਖੇ।
ਡਾ.ਅਵੀਨਿੰਦਰਪਾਲ ਸਿੰਘ ਨੇ ਸਲਾਈਡ ਸ਼ੋਅ ਰਾਹੀਂ ਲੜਕੀਆਂ ਨੂੰ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਰੋਕਣ ਲਈ ਬਣਦੀ ਜਿੰਮੇਵਾਰੀ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਜੇਕਰ ਔਰਤ ਖੁਦ ਇਸ ਸਮਾਜਿਕ ਕੁਰੀਤੀ ਨੂੰ ਜੜੋ ਪੁੱਟਣ ਲਈ ਸੁਚੇਤ ਹੋ ਜਾਵੇ ਤਾਂ ਇਸ ਕੁਰੀਤੀ ਦਾ ਅੰਤ ਹੋ ਸਕਦਾ ਹੈ। ਉਨਾਂ ਸਲਾਈਡ ਸ਼ੋਅ ਵਿਚਲੀਆਂ ਵੱਖ-ਵੱਖ ਤਸਵੀਰਾਂ ਰਾਹੀਂ ਪ੍ਰਤੱਖ ਮਿਸਾਲਾਂ ਦੇ ਕੇ ਦੱਸਿਆ ਕਿ ਲੜਕੀਆਂ ਆਪਣੇ ਆਚਰਣ ਅਤੇ ਵਿਵਹਾਰ ਨੂੰ ਐਨਾ ਉੱਚਾ ਸੁੱਚਾ ਬਣਾਉਣ ਕਿ ਮਾਂ-ਪਿਓ ਆਪਣੀਆਂ ਧੀਆਂ ’ਤੇ ਮਾਣ ਮਹਿਸੂਸ ਕਰਨ। ਉਨਾਂ ਭਰੂਣ ਹੱਤਿਆ ਨੂੰ ਦਾਜ ਦੀ ਲਾਹਨਤ ਅਤੇ ਸਮਾਜ ’ਚ ਦਿਸ਼ਾਹੀਣ ਨੌਜਵਾਨਾਂ ਵੱਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਭੈੜੇ ਵਰਤਾਓ ਨੂੰ ਵੀ ਇਕ ਕਾਰਨ ਦੱਸਿਆ। ਉਨਾਂ ਸਰਬ-ਪੱਖੀ ਸ਼ਖਸ਼ੀਅਤ ਉਸਾਰੀ ਵਾਸਤੇ ਸੱਚ, ਸੰਤੋਖ, ਦਯਾ, ਧਰਮ ਤੇ ਸਹਿਜ ਆਦਿਕ ਗੁਣਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸਲਾਈਡ ਸ਼ੋਅ ਦੇ ਅਗਲੇ ਹਿੱਸੇ ’ਚ ਉਨਾਂ ਮਾਤਾ-ਪਿਤਾ ਦੇ ਸਤਿਕਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਡੀ ਤਰੱਕੀ ਜਾਂ ਹਰ ਤਰ•ਾਂ ਦੀ ਸਫਲਤਾ ’ਚ ਮਾਪਿਆਂ ਦਾ ਯੋਗਦਾਨ ਜਰੂਰ ਹੁੰਦਾ ਹੈ। ਇਸ ਲਈ ਮਾਪਿਆਂ ਦਾ ਸਤਿਕਾਰ ਨਾ ਕਰਨ ਵਾਲੇ ਬੱਚੇ ਚੰਗੇ ਗੁਣਾਂ ਜਾਂ ਸਫਲਤਾ ਆਦਿਕ ਪ੍ਰਤੀ ਅਧੂਰੇ ਰਹਿ ਜਾਂਦੇ ਹਨ। ਪ੍ਰੋਗਰਾਮ ਦੇ ਅੰਤ ’ਚ ਕੈਂਪ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੇ ਕੈਂਪ ਦੀ ਤਰੀਫ ਕਰਦਿਆਂ ਅਜਿਹੇ ਕੈਂਪ ਭਵਿੱਖ ’ਚ ਵੀ ਲਾਉਣ ਦੀ ਬੇਨਤੀ ਕੀਤੀ। ਕਾਲਜ ਦੀਆਂ ਅਧਿਆਪਕਾਵਾਂ ਕੁਲਦੀਪ ਕੌਰ ਵਾਲੀਆ ਤੇ ਨੀਰਜ਼ ਸ਼ਰਮਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਵਿਦਿਆਰਥਣਾਂ ਨੂੰ ਸਹੀ ਸੇਧ ਦੇਣ ਵਾਲੇ ਅਜਿਹੇ ਕੈਂਪ ਰੋਜ਼ਾਨਾ, ਹਫਤਾਵਾਰੀ ਨਹੀਂ ਤਾਂ ਮਹੀਨੇ ’ਚ ਇਕ ਵਾਰ ਜਰੂਰ ਲੱਗਣੇ ਚਾਹੀਦੇ ਹਨ। ਇਸ ਮੌਕੇ ਅਧਿਆਪਕਾਵਾਂ ਤੇ ਵਿਦਿਆਰਥਣਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਦਿੱਤੇ ਗਏ। ਕੈਂਪ ਦੌਰਾਨ ਸੰਸਥਾ ਦੇ ਸਰਪ੍ਰਸਤ ਗੁਰਾਂਦਿੱਤਾ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਢਿੱਲੋਂ ਚੇਅਰਮੈਨ, ਬਲਵਿੰਦਰ ਸਿੰਘ ਢਿੱਲੋਂ ਉਪ-ਚੇਅਰਮੈਨ, ਬਰਜਿੰਦਰ ਸਿੰਘ ਸ਼ੰਟੀ ਸੁਪਰਡੰਟ, ਪ੍ਰਿੰ.ਦੇਵ ਇੱਛਾ ਮੌਂਗਾ ਤੇ ਵਾਈਸ ਪ੍ਰਿੰ.ਨਵਨੀਤ ਰਾਣਾ ਦਾ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਤ ਸਿੰਘ ਆਨੰਦ, ਗੁਰਪ੍ਰੀਤ ਸਿੰਘ ਔਲਖ ਆਦਿ ਵੀ ਹਾਜ਼ਰ ਸਨ।

Post a Comment