ਰਾਜਪੁਰਾ (ਪਟਿਆਲਾ), 5 ਫਰਵਰੀ/ ਸਫਲਸੋਚ/ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਅਕਾਸ਼ਵਾਣੀ ਪਟਿਆਲਾ ਵੱਲੋਂ ਜਲੰਧਰ ਦੂਰਦਰਸ਼ਨ ਅਤੇ ਰਾਜਪੁਰਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਸਹਿਯੋਗ ਨਾਲ ਸੂਫ਼ੀ ਸੰਗੀਤ 'ਤੇ ਅਧਾਰਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਐਸ.ਡੀ.ਐਮ ਰਾਜਪੁਰਾ ਸ਼੍ਰੀ ਜੇ.ਕੇ. ਜੈਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਸਮਾਗਮ ਦੌਰਾਨ ਸੂਫੀ ਗਾਇਕ ਉਸਤਾਦ ਨੀਲੇ ਖਾਂ ਅਤੇ ਸ਼੍ਰੀ ਮਾਣਕ ਅਲੀ ਨੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਸ਼੍ਰੀ ਨੀਲੇ ਖਾਂ ਵੱਲੋਂ ਬਾਬਾ ਬੁੱਲ੍ਹੇ ਸ਼ਾਹ ਅਤੇ ਸ਼ਿਵ ਕੁਮਾਰ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ ਗਿਆ ਜਦਕਿ ਸ਼੍ਰੀ ਮਾਣਕ ਅਲੀ ਨੇ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਦੀ ਬਾਖੂਬੀ ਪੇਸ਼ਕਾਰੀ ਕੀਤੀ । ਸਮਾਗਮ ਦਾ ਆਗਾਜ਼ਾ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ । ਸਮਾਗਮ ਦੌਰਾਨ ਐਸ.ਡੀ.ਐਮ ਸ਼੍ਰੀ ਜੈਨ ਤੋਂ ਇਲਾਵਾ ਅਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਸ. ਅਮਰਜੀਤ ਸਿੰਘ ਵੜੈਚ ਅਤੇ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਓਮ ਗੌਰੀਦੱਤ ਸ਼ਰਮਾ ਨੂੰ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਯਾਦਗਾਰੀ ਚਿੰਨ ਪ੍ਰਦਾਨ ਕੀਤੇ ਗਏ । ਇਸ ਮੌਕੇ ਅਕਾਸ਼ਵਾਣੀ ਅਤੇ ਦੂਰਦਰਸ਼ਨ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਐਮ.ਐਮ. ਗੁਪਤਾ ਤੇ ਪ੍ਰਬੰਧਕਾਂ ਨੂੰ ਵੀ ਇੱਕ ਯਾਦਗਾਰੀ ਚਿੰਨ ਭੇਟ ਕੀਤਾ ਗਿਆ । ਸਮਾਗਮ ਦੌਰਾਨ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਮੀਤ ਪ੍ਰਧਾਨ ਸ਼੍ਰੀ ਮੋਹਿੰਦਰ ਸਹਿਗਲ, ਜਨਰਲ ਸਕੱਤਰ ਸ਼੍ਰੀ ਰਾਕੇਸ਼ ਸਿੰਗਲਾ, ਵਿੱਤ ਸਕੱਤਰ ਸ਼੍ਰੀ ਰਾਜੇਸ਼ ਆਨੰਦ ਅਤੇ ਸਕੱਤਰ ਸ਼੍ਰੀ ਸੁਰਿੰਦਰ ਕੌਸ਼ਲ, ਪ੍ਰੋ. ਪਾਰੁਲ ਰਾਇਜ਼ਾਦਾ, ਡਾ. ਅਮਰਿੰਦਰ ਸਿੰਘ ਟਿਵਾਣਾ, ਪ੍ਰੋ. ਬਲਜਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ, ਸਟਾਫ ਮੈਂਬਰ ਤੇ ਸੰਗੀਤ ਪ੍ਰੇਮੀ ਵੀ ਹਾਜ਼ਰ ਸਨ । ਸਮਾਗਮ ਦੌਰਾਨ ਮੰਚ ਦਾ ਸੰਚਾਲਨ ਡਾ. ਸੁਰੇਸ਼ ਨਾਇਕ ਨੇ ਬਾਖੂਬੀ ਕੀਤਾ ।


Post a Comment