ਲੁਧਿਆਣਾ, 22 ਫ਼ਰਵਰੀ: (ਸਤਪਾਲ ਸੋਨ9 ) ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਜਿਲੇ ਦੀ ਸਲਾਨਾ ਕਰਜ਼ਾ ਯੋਜਨਾ ਤਹਿਤ ਵਿੱਤੀ ਸਾਲ 2012-13 ਦੀ ਤੀਜੀ ਤਿਮਾਹੀ 31 ਦਸੰਬਰ 2012 ਤੱਕ ਜਿਲੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ 7,706 ਕਰੋੜ ਰੁਪਏ ਦੀ ਟੀਚੇ ਦੇ ਮੁਕਾਬਲੇ 10,134 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ, ਜੋ ਕਿ 131 ਪ੍ਰਤੀਸ਼ਤ ਬਣਦੇ ਹਨ। ਸ੍ਰੀ ਰਿਸ਼ੀਪਾਲ ਸਿੰਘ ਅੱਜ ਬੱਚਤ ਭਵਨ ਵਿਖੇ ਜਿਲਾ ਲੁਧਿਆਣਾ ਦੀਆਂ ਸਮੂਹ ਬੈਂਕਾਂ ਅਤੇ ਸਰਕਾਰੀ ਏਜੰਸੀਆਂ ਵੱਲੋਂ ਸਾਲ 2012-13 ਸਲਾਨਾ ਕਰਜ਼ਾ ਯੋਜਨਾ ਅਧੀਨ ਦਿੱਤੇ ਗਏ ਕਰਜ਼ਿਆਂ ਦੀ ਸਮੀਖਿਆ ਕਰਨ ਲਈ ਜਿਲਾ ਪੱਧਰੀ ਰੀਵਿਓੂ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਿਸ਼ੀਪਾਲ ਨੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਲਈ 3,802 ਕਰੋੜ ਰੁਪਏ, ਖੇਤੀਬਾੜੀ ਤੋਂ ਬਗੈਰ (ਨਾਨ ਫਾਰਮਿੰਗ) ਹੋਰ ਧੰਦਿਆਂ ਲਈ 4,430 ਕਰੋੜ ਰੁਪਏ ਅਤੇ ਹੋਰ ਪਹਿਲ ਵਾਲੇ ਸੈਕਟਰਾਂ ਲਈ ਕੰਮ-ਧੰਦੇ ਸੁਰੂ ਕਰਨ ਦੇ ਮੰਤਵ ਨਾਲ 1,902 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ। ਉਹਨਾਂ ਜਿਲੇ ਦੇ ਸਮੂਹ ਬੈਂਕਾਂ ਨੂੰ ਕਿਹਾ ਕਿ ਉਹ ਗਰੀਬ ਵਰਗ ਨਾਲ ਸਬੰਧਤ ਅਤੇ ਆਰਥਿਕ ਤੌਰ ‘ਤੇ ਕਮਜੋਰ ਪਰਿਵਾਰਾਂ ਦੇ ਘੱਟੋ-ਘੱਟ ਇੱਕ ਮੈਂਬਰ ਦਾ ਆਪਣੀਆਂ ਬੈਂਕਾਂ ਵਿੱਚ ਖਾਤਾ ਜਰੂਰ ਖੋਲਣ ਤਾਂ ਜਂੋ ਇਹਨਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਲੈਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਬੈਂਕ ਅਧਿਕਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਡੇਅਰੀ, ਮੱਛੀ, ਬਾਗਬਾਨੀ ਵਰਗੇ ਸਹਾਇਕ ਧੰਦਿਆਂ ਅਤੇ ਸੈਲਫ਼ ਹੈਲਪ ਗਰੁੱਪਾਂ ਲਈ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ। ਉਹਨਾਂ ਬੈਂਕਾਂ ਨੂੰ ਇਹ ਵੀ ਕਿਹਾ ਕਿ ਉਹ ਨੌਜਵਾਨਾਂ ਨੂੰ ਆਪਣੇ ਕੰਮ-ਧੰਦੇ ਸੁਰੂ ਕਰਨ ਲਈ ਵੀ ਕਰਜ਼ੇ ਦੇਣ ਤਾਂ ਜੋ ਨੌਜਵਾਨ ਆਪਣਾ ਕੰਮ-ਧੰਦਾ ਸੁਰੂ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਸ ਮੀਟਿੰਗ ਵਿੱਚ ਸ੍ਰੀ ਮਲਕੀਤ ਸਿੰਘ ਲੀਡ ਜ਼ਿਲਾ ਅਫ਼ਸਰ ਰੀਜਰਵ ਬੈਂਕ ਆਫ ਇੰਡੀਆ ਚੰਡੀਗੜ, ਸ੍ਰੀ ਮਨਜੀਤ ਸਿੰਘ ਜੱਗੀ ਲੀਡ ਬੈਂਕ ਮੈਨੇਜ਼ਰ ਲੁਧਿਆਣਾ, ਸ੍ਰੀ ਨਲਿਨ ਕੇ.ਰਾਏ ਡੀ.ਡੀ.ਐਮ ਨਾਬਾਰਡ, ਸ੍ਰੀ ਪੀ.ਐਸ.ਸੋਢੀ ਮੈਨੇਜਰ ਅਤੇ ਸ੍ਰੀ ਰਾਜੀਵ ਸ਼ਰਮਾ ਡੀ.ਜੀ.ਐਮ ਸਟੇਟ ਬੈਂਕ ਆਫ਼ ਪਟਿਆਲਾ ਤੋ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।
ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੱਚਤ ਭਵਨ ਵਿਖੇ ਜਿਲਾ ਲੁਧਿਆਣਾ ਦੀਆਂ ਸਮੂਹ ਬੈਂਕਾਂ ਅਤੇ ਸਰਕਾਰੀ ਏਜੰਸੀਆਂ ਦੀ ਜਿਲਾ ਪੱਧਰੀ ਰੀਵਿਓੂ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

Post a Comment