ਸਮਰਾਲਾ, 3 ਫਰਵਰੀ /ਨਵਰੂਪ ਧਾਲੀਵਾਲ /ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦੀਆਂ ਮੰਗਾਂ ਦੇ ਹੱਕ ਵਿੱਚ 13 ਫਰਵਰੀ ਨੂੰ ਇੱਥੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਦੀ ਤਿਆਰੀ ਲਈ ਸਥਾਨਕ ਵਾਰਡ ਨੰ. 5 ਦੀ ਧਰਮਸ਼ਾਲਾ ਵਿੱਚ ਤਹਿਸੀਲ ਪ੍ਰਧਾਨ ਸਾਥੀ ਮਸਤਾ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸੂਬੇ ਵੱਲੋਂ ਇਸ ਹਲਕੇ ਦੇ ਨਿਯੁਕਤ ਕੀਤੇ ਗਏ ਇੰਚਾਰਜ ਅਤੇ ਸਾਬਕਾ ਨਗਰ ਕੌਂਸਲ ਸਮਰਾਲਾ ਪ੍ਰਧਾਨ ਕਾਮਰੇਡ ਭਜਨ ਸਿੰਘ ਅਤੇ ਤਹਿਸੀਲ ਜਨਰਲ ਸਕੱਤਰ ਕਾਮਰੇਡ ਰਣਜੀਤ ਸਿੰਘ ਮਾਛੀਵਾੜਾ ਤੋਂ ਇਲਾਵਾ ਦਲਬਾਰਾ ਸਿੰਘ ਬੌਂਦਲੀ, ਜਸਵੀਰ ਸਿੰਘ ਹਰਿਉਂ ਖੁਰਦ, ਅਮਰ ਚੰਦ ਲੁਬਾਣਗੜ•, ਹਰਬੰਸ ਸਿੰਘ, ਸਤਪਾਲ ਸਮਰਾਲਾ, ਅਜੈਬ ਸਿੰਘ ਟੋਡਰਪੁਰ ਅਤੇ ਦਰਸ਼ਨ ਸਿੰਘ ਮੁੱਤੋਂ ਆਦਿ ਆਗੂ ਮੁੱਖ ਤੌਰ ’ਤੇ ਸ਼ਾਮਿਲ ਹੋਏ। ਇਸ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਭ ਨੂੰ 2 ਰੁਪਏ ਪ੍ਰਤੀ ਕਿੱਲੋ ਅਤੇ ਪ੍ਰਤੀ ਪਰਿਵਾਰ 35 ਕਿੱਲੋ ਅਨਾਜ ਪ੍ਰਤੀ ਮਹੀਨਾ ਦਿੱਤਾ ਜਾਵੇ, ਬੁਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 1000 ਰੁਪਏ ਕੀਤੀ ਜਾਵੇ, ਪੇਂਡੂ ਗਰੀਬਾਂ ਨੂੰ ਜ਼ਰੂਰੀ ਲੋੜ ਦੀਆਂ 14 ਵਸਤਾਂ ਮਾਰਕਿਟ ਨਾਲੋਂ ਅੱਧੇ ਰੇਟ ’ਤੇ ਦਿੱਤੀਆਂ ਜਾਣ, ਗਰੀਬ ਲੋਕਾਂ ਨੂੰ ਮਕਾਨਾਂ ਲਈ 10-10 ਮਰਲੇ ਦੀ ਜਗ•ਾ ਤੇ 3 ਲੱਖ ਦੀ ਗ੍ਰਾਂਟ ਦਿੱਤੀ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ’ਤੇ 300 ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਕੰਮ ਕਰਦੇ ਸਮੇਂ ਹਾਦਸਾ ਹੋਣ ’ਤੇ ਮੁਫ਼ਤ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਮੁਆਵਜ਼ਾ ਘੱਟੋ-ਘੱਟ 1 ਲੱਖ ਰੁਪਏ ਕੀਤਾ ਜਾਵੇ ਆਦਿ। ਮੀਟਿੰਗ ਵਿੱਚ ਯੂਨੀਅਨ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਦੀ ਵਾਰਡਬੰਦੀ ਅਤੇ ਅਨੇਕਾਂ ਮਨਰੇਗਾ ਮਜ਼ਦੂਰਾਂ ਨਾਲ ਸਬੰਧਤ ਬੀ.ਡੀ.ਪੀ.ਓ. ਦੇ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਘਪਲੇਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਗਈ। ਸ਼ਾਮਿਲ ਆਗੂਆਂ ਦੀਆਂ 13 ਫਰਵਰੀ ਦੇ ਧਰਨੇ ਲਈ ਵੱਖੋ-ਵੱਖ ਡਿਊਟੀਆਂ ਲਗਾਈਆਂ ਗਈਆਂ।

Post a Comment