ਹੁਸ਼ਿਆਰਪੁਰ, 2 ਫਰਵਰੀ:/ ਅਕਾਲੀ-ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡਾਂ ਵਿੱਚ 5000 ਮਲਟੀਪਰਪਜ਼ ਜ਼ਿਮ ਅਤੇ 9000 ਖੇਡ ਕਿੱਟਾਂ ਵੰਡੀਆਂ ਗਈਆਂ ਹਨ। ਇਹ ਜਾਣਕਾਰੀ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਬੀਬੀ ਮਹਿੰਦਰ ਕੌਰ ਜੋਸ਼ ਨੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸਵਾਮੀ ਸਰਵਾਨੰਦ ਗਿਰੀ ਬਜਵਾੜਾ (ਹੁਸ਼ਿਆਰਪੁਰ) ਦੀ ਸਾਲਾਨਾ ਪੰਜ ਰੋਜ਼ਾ ਖੇਡ ਪ੍ਰਤੀਯੋਗਤਾ ਦੇ ਸਮਾਪਨ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੀਬੀ ਮਹਿੰਦਰ ਕੌਰ ਜੋਸ਼ ਨੇ ਸਮਗਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਰਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਨੇ ਦੇਸ਼- ਵਿਦੇਸ਼ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਇਸ ਸੈਂਟਰ ਦੇ ਵਿਦਿਆਰਥੀ ਇਥੋਂ ਉਚ ਸਿੱਖਿਆ ਪ੍ਰਾਪਤ ਕਰਕੇ ਜੱਜ ਅਤੇ ਹੋਰ ਉਚ ਅਹੁੱਦਿਆਂ ਤੇ ਵਿਰਾਜਮਾਨ ਹੋਏ ਹਨ। ਉਨ੍ਹਾਂ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਤਾਂ ਜੋ ਪੰਜਾਬ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਤੇ ਉਨ੍ਹਾਂ ਨੇ 5 ਰੋਜ਼ਾ ਖੇਡ ਪ੍ਰਤੀਯੋਗਤਾ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਆਪਣੇ ਅਖਤਿਆਰੀ ਫੰਡ ਵਿੱਚੋਂ ਰਿਜਨਲ ਸੈਂਟਰ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਰਿਜ਼ਨਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ। ਸੈਂਟਰ ਦੇ ਡਾਇਰੈਕਟਰ ਪ੍ਰੋ: ਜੇ.ਕੇ. ਗੋਸਵਾਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਤੁੱਟ ਅੰਗ ਹਨ ਅਤੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 5 ਰੋਜ਼ਾ ਚਲੇ ਖੇਡ ਪ੍ਰਤੀਯੋਗਤਾ ਵਿੱਚ ਕ੍ਰਿਕਟ, ਵਾਲੀਬਾਲ, ਬਾਸਕਟਬਾਲ, ਫੁੱਟਬਾਲ, ਕਬੱਡੀ, ਖੋ-ਖੋ, ਰੱਸਾ-ਕੱਸੀ, ਬੈਡਮਿੰਟਨ, ਟੇਬਲ ਟੈਨਿਸ, ਸ਼ਤਰੰਜ, ਲੇਨ ਗੇਮਿੰਗ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਲੌਂਗ ਜੰਪ, ਹਾਈ ਜੰਪ, ਡਿਸਕ ਥਰੋ, ਜੈਬਲਿਨ ਥਰੋਅ ਆਦਿ ਖੇਡਾਂ ਕਰਵਾਈਆਂ ਗਈਆਂ ਹਨ।ਸਟੂਡੈਂਟ ਵੈਲਫੇਅਰ ਇੰਚਾਰਜ, ਡਾ. ਵਰਿੰਦਰ ਨੇਗੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਰਿਜ਼ਨਲ ਸੈਂਟਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਅਤੇ ਇਸ ਸੈਂਟਰ ਦੀਆਂ ਗਤੀਵਿੱਧੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੀਬੀ ਮਹਿੰਦਰ ਕੌਰ ਜੋਸ਼ ਵੱਲੋਂ ਓਪਨ ਏਅਰ ਥੇਟਰ ਲਈ ਇੱਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਲਾਵਾ ਇਸ ਮੌਕੇ ਤੇ ਪ੍ਰੋ: ਰਜਿੰਦਰ ਸਿੰਘ, ਪ੍ਰੋ: ਮੀਨੂ ਭਗਤ, ਪ੍ਰੋ: ਜਸਪਾਲ ਸਿੰਘ, ਪ੍ਰੋ: ਮੋਨਿਕਾ ਨੇਗੀ, ਪ੍ਰੋ: ਪੂਜਾ ਸੂਦ, ਪ੍ਰੋ: ਵਿਨੇ ਸ਼ਰਮਾ, ਪ੍ਰੋ: ਸੁਖਬੀਰ ਕੌਰ, ਪ੍ਰੋ: ਗੁਰਿੰਦਰ ਸਿੰਘ, ਪ੍ਰੋ: ਰਾਹੁਲ ਜੱਸਲ, ਪ੍ਰੋ: ਨੀਰੂ ਮਾਂਗੋ, ਪ੍ਰੋ: ਸੰਦੀਪ ਸੈਣੀ, ਪ੍ਰੋ: ਸੁਨੀਲ ਕੁਮਾਰ, ਪ੍ਰੋ: ਹਰਪ੍ਰੀਤ, ਪ੍ਰੋ: ਸਤੀਸ਼ ਕੁਮਾਰ, ਪ੍ਰੋ: ਅੰਕੂਰ ਕੰਗ, ਪ੍ਰੋ: ਨਵੀਨ ਡੋਗਰਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਸੁਖਪ੍ਰੀਤ ਕੌਰ, ਪ੍ਰੋ: ਸੁਰੇਸ਼ ਕੁਮਾਰ, ਪ੍ਰੋ: ਵਿਨੇ ਅਰੋੜਾ, ਪ੍ਰੋ: ਰਵਿੰਦਰ ਪਾਲ ਅਤੇ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
Post a Comment