ਫਿਰੋਜ਼ਪੁਰ ( ਸਫਲਸੋਚ ) ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਹੋਰ ਵੀ ਤਨਦੇਹੀ ਤੇ ਮਿਹਨਤ ਨਾਲ ਪੜਾਉਣ ਕਿਉਂਕਿ ਸਾਡੇ ਦੇਸ਼ ਦਾ ਭਵਿੱਖ ਇਹਨਾਂ ਬੱਚਿਆਂ ਦੇ ਹੱਥ ਵਿੱਚ ਹੀ ਹੈ ਅਤੇ ਇਨ੍ਹਾਂ ਵਿੱਚ ਬਹੁਤੇ ਵਿਦਿਆਰਥੀਆਂ ਨੇ ਸਰਵਉਚ ਸਥਾਨ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਕਰਨੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਪ੍ਰੀਤਮ ਸਿੰਘ ਜੋਹਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਸਭਿਆਚਾਰਕ ਪ੍ਰੋਗਰਾਮ ਅਤੇ ਰਾਸ਼ਟਰੀ ਮਹੱਤਤਾ ਦੇ ਦਿਨਾਂ ਉਪਰ ਹੋਏ ਸਮਾਗਮਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ 55 ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਚੰਗੀ ਕਾਰਜਗੁਜ਼ਾਰੀ ਵਾਲੇ ਅਧਿਆਪਕਾਂ ਦੀ ਪ੍ਰਸੰਸ਼ਾਂ ਕਰਦਿਆਂ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਸਭਿਆਚਾਰਕ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸ਼੍ਰੀ ਜੋਹਲ ਨੇ ਕਿਹਾ ਕਿ ਅਧਿਆਪਕਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਵਿਦਿਅਕ ਮੁਕਾਬਲਿਆਂ ਵਿੱਚ ਹੋਰ ਤਨਦੇਹੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਦਿਲ ਲਗਾ ਕੇ ਪੜ੍ਹਾਈ ਕਰਨ ਅਤੇ ਮਿਥੇ ਗਏ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਦਰਸ਼ਨ ਸਿੰਘ ਕਟਾਰੀਆ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ. ਅੰਮ੍ਰਿਤਪਾਲ ਸਿੰਘ ਭੱਟੀ, ਨੈਸ਼ਨਲ ਐਵਾਰਡੀ ਡਾ: ਸਤਿੰਦਰ ਸਿੰਘ ਅਤੇ ਪ੍ਰਿੰਸੀਪਲ ਵਿਪਨ ਸ਼ਰਮਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਹਾਇਕ ਸਿੱਖਿਆ ਅਫਸਰ ਸ. ਬਲਜਿੰਦਰ ਸਿੰਘ, ਪ੍ਰਿੰਸੀਪਲ ਵੀਰਬਾਲਾ, ਹਰਕਿਰਨ ਕੌਰ, ਰਮਨ ਡਡੋਣਾ, ਕੁਲਭੁਸ਼ਨ ਗੌਤਮ, ਰਾਜੇਸ਼ ਕੁਮਾਰ, ਅਮਿਤ ਨਾਰੰਗ, ਮੇਹਰਦੀਪ ਸਿੰਘ, ਈਸ਼ਵਰ ਸ਼ਰਮਾ, ਗੁਰਬਚਨ ਸਿੰਘ ਭੁੱਲਰ, ਸਰਬਜੀਤ ਸਿੰਘ, ਸਟੇਟ ਐਵਾਰਡੀ ਮੈਡਮ ਮੀਨਾ ਕੁਮਾਰੀ, ਵਿਪਨ ਸ਼ਰਮਾ, ਮੂਲ ਚੰਦ, ਚਰਨਜੀਤ ਸਿੰਘ ਵਾਲੀਆ, ਅਮਨਦੀਪ ਕੌਰ ਅਤੇ ਦਰਬਾਰਾ ਸਿੰਘ ਆਦਿ ਨੂੰ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਵਿੰਦਰ ਸਿੰਘ ਸਟੇਟ ਐਵਾਰਡੀ ਨੇ ਬਾਖੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਡਾ: ਸਤਿੰਦਰ ਸਿੰਘ ਨੇ ਸਮੂਹ ਅਧਿਆਪਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Post a Comment