ਬਠਿੰਡਾ, 22 ਫਰਵਰੀ (ਕਿਰਪਾਲ ਸਿੰਘ, ਤੁੰਗਵਾਲੀ): ਸਿਰਸਾ ਡੇਰਾ ਬਨਾਮ ਸਿੱਖ ਵਿਵਾਦਤ ਕੇਸ ਦੀ ਅਗਲੀ ਸੁਣਵਾਈ ਹੁਣ 6 ਅਪ੍ਰੈਲ ਨੂੰ ਹੋਵੇਗੀ। ਇਹ ਫੈਸਲਾ ਅੱਜ ਸਥਾਨਕ ਮਾਨਯੋਗ ਚੀਫ ਜੁਡੀਸ਼ਲ ਮੈਜਿਸਟ੍ਰੇਟ ਹਰਜੀਤ ਸਿੰਘ ਦੀ ਅਦਾਲਤ ਵੱਲੋਂ ਅੱਜ ਦੁਪਹਿਰ ਤੋਂ ਪਹਿਲਾਂ ਸੁਣਾਇਆ ਗਿਆ। ਇਹ ਦੱਸਣਯੋਗ ਹੈ ਕਿ ਇਸ ਕੇਸ ਵਿੱਚ ਆਏ ਕਈ ਉਤਰਾ ਚੜ੍ਹਾ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰੀਵਿਊ ਪਟੀਸ਼ਨ ਖਾਰਜ ਕਰਦਿਆਂ ਮਾਨਯੋਗ ਵਧੀਕ ਜਿਲ੍ਹਾ ਸੈਸ਼ਨ ਜੱਜ ਬਠਿੰਡਾ ਸ਼੍ਰੀ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਨੇ 8 ਫਰਵਰੀ 2013 ਨੂੰ ਹੁਕਮ ਜਾਰੀ ਕੀਤਾ ਸੀ ਕਿ ਗੁਰਮੀਤ ਰਾਮ ਰਹੀਮ ਨਿਜੀ ਤੌਰ ’ਤੇ 22 ਫਰਵਰੀ ਨੂੰ ਮਾਨਯੋਗ ਚੀਫ ਜੁਡੀਸ਼ਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਹਰਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਵੇ। ਗੁਰਮਤਿ ਰਾਮ ਰਹੀਮ ਦੀ ਆਮਦ ਨੂੰ ਮੱਦੇਨਜ਼ਰ ਰੱਖਦਿਆਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਤੋਂ ਇਲਾਵਾ ਕਰੜੇ ਸੁਰੱਖਿਆ ਪ੍ਰਬੰਧ ਵੀ ਕਰ ਲਏ ਗਏ ਸਨ ਤੇ ਬਾਹਰ ਦੇ ਜਿਲ੍ਹਿਆਂ ਤੋਂ 15 ਤੋਂ 17 ਹਜਾਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ। ਪਰ ਐਨ ਮੌਕੇ ’ਤੇ 20 ਫਰਵਰੀ ਦੇਰ ਸ਼ਾਮ ਗੁਰਮੀਤ ਰਾਮ ਰਹੀਮ ਨੇ ਆਪਣੇ ਵਕੀਲ ਕੇਵਲ ਸਿੰਘ ਬਰਾੜ ਰਾਹੀਂ ਮਾਨਯੋਗ ਚੀਫ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਅਰਜੀ ਪਾ ਦਿੱਤੀ ਕਿ ਉਹ ਵਧੀਕ ਸ਼ੈਸ਼ਨ ਜੱਜ ਦੇ ਫੈਸਲੇ ਵਿਰੁਧ ਹਾਈ ਕੋਰਟ ਵਿੱਚ ਅਪੀਲ ਕਰਨਾ ਚਾਹੁੰਦੇ ਹਨ, ਪਰ ਇਸ ਲਈ ਉਨ੍ਹਾਂ ਨੂੰ ਪੂਰਾ ਸਮਾਂ ਨਹੀਂ ਮਿਲਿਆ। ਇਸ ਕਰਕੇ ਹਾਈ ਕੋਰਟ ਦੇ ਫੈਸਲੇ ਤੱਕ ਉਨ੍ਹਾਂ ਨੂੰ ਨਿਜੀ ਤੌਰ ’ਤੇ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਇਸ ਦੇ ਨਾਲ ਹੀ ਨਿਜੀ ਪੇਸ਼ੀ ਤੋਂ ਛੋਟ ਦਿਵਾਉਣ ਵਿੱਚ ਸਹਾਇਤਾ ਕਰਨ ਦੇ ਮਕਸਦ ਨਾਲ ਮੋਗਾ ਉਪ ਚੋਣ ਦਾ ਬਹਾਨਾ ਲਾ ਕੇ ਬਠਿੰਡਾ ਜਿਲ੍ਹਾ ਪੁਲਿਸ ਮੁਖੀ ਨੇ ਗੁਰਮੀਤ ਰਾਮ ਰਹੀਮ ਦੇ ਨਿਜੀ ਤੌਰ ’ਤੇ ਪੇਸ਼ ਹੋਣ ਤੋਂ 6 ਹਫਤੇ ਤੱਕ ਦੇ ਸਮੇਂ ਤਕ ਛੋਟ ਦਿੱਤੇ ਜਾਣ ਲਈ ਅਦਾਲਤ ਵਿੱਚ ਅਰਜੀ ਪਾ ਦਿੱਤੀ ਸੀ। ਗੁਰਮੀਤ ਰਾਮ ਰਹੀਮ ਦੀ ਅਰਜੀ ’ਤੇ ਸੁਣਵਾਈ ਕਰਦਿਆਂ ਉਸ ਨੂੰ ਸਿਰਫ ਅੱਜ ਲਈ ਨਿਜੀ ਛੋਟ ਦੇਣ ਦਾ ਫੈਸਲਾ ਤਾਂ ਕੱਲ੍ਹ ਹੀ ਸੁਣਾਉਂਦਿਆਂ ਸਪਸ਼ਟ ਕਰ ਦਿੱਤਾ ਸੀ ਕਿ ਅਗਲੀ ਪੇਸ਼ੀ, ਜਿਸ ਦਾ ਫੈਸਲਾ ਅੱਜ ’ਤੇ ਛੱਡ ਦਿੱਤਾ ਗਿਆ ਸੀ, ਲਈ ਉਸ ਨੂੰ ਕੋਈ ਛੋਟ ਨਹੀਂ ਮਿਲੇਗੀ। ਅੱਜ ਦੀ ਸੁਣਵਾਈ ਲਈ ਅਦਾਲਤ ਨੇ ਅਗਲੀ ਪੇਸ਼ੀ 6 ਅਪ੍ਰੈਲ ’ਤੇ ਪਾ ਦਿੱਤੀ ਹੈ। ਇਸ ਤਰ੍ਹਾਂ ਗੁਰਮੀਤ ਰਾਮ ਰਹੀਮ ਅਤੇ ਬਠਿੰਡਾ ਜਿਲ੍ਹਾ ਪੁਲਿਸ ਦੋਵਾਂ ਦੀਆਂ ਹੀ ਅਰਜੀਆਂ ਅਦਾਲਤ ਨੇ ਹੂਬਹੂ ਪ੍ਰਵਾਨ ਕਰਦਿਆਂ ਦੋਵਾਂ ਧਿਰਾਂ ਨੂੰ 6 ਹਫਤੇ ਦੀ ਹੋਰ ਮੋਹਲਤ ਦੇ ਕੇ ਮੁਦਈ ਧਿਰ ਲਈ ਇਨਸਾਫ ਦੀ ਉਮੀਦ ਦੇ ਊਠ ਦਾ ਬੁਲ੍ਹ ਲਮਕਦਾ ਹੀ ਰਹਿਣ ਦਿੱਤਾ ਹੈ।

Post a Comment