ਹੁਸ਼ਿਆਰਪੁਰ, 2 ਫਰਵਰੀ:/ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀ ਦੇ ਪੇਂਡੂ ਪ੍ਰੀਵਾਰਾਂ ਦੇ ਉਨ੍ਹਾਂ ਵਿਦਿਆਰਥੀਆਂ ਜੋ 10+2 ਪਾਸ ਹੋਣ ਲਈ ਇੱਕ ਸਾਲ ਦਾ ਕੰਪਿਊਟਰ ਡਿਪਲੋਮੇ ਦਾ ਕੋਰਸ ਕੀਤੇ ਜਾਣ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ ਜਿਸ ਲਈ 5 ਲੱਖ ਰੁਪਏ ਜਾਰੀ ਕੀਤੇ ਗਏ ਹਨ ਅਤੇ 50 ਸਿਖਿਆਰਥੀ ਕਵਰ ਕੀਤੇ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਨੇ ਆਪਣੇ ਦਫ਼ਤਰ ਵਿਖੇ ਇਸ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਸਹਾਇਕ ਪ੍ਰੋੁਜੈਕਟ ਅਫ਼ਸਰ ਭੂਸ਼ਨ ਕੁਮਾਰ ਸ਼ਰਮਾ, ਇਨਵੈਸਟੀਗੇਟਰ ਬਲਬੀਰ ਸਿੰਘ, ਵੱਖ-ਵੱਖ ਕਾਲ ਸੀ ਸੈਂਟਰਾਂ ਦੇ ਅਧਿਕਾਰੀ, ਸਮੂਹ ਬੀ ਡੀ ਪੀ ਓਜ਼ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ। ਸ੍ਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਟਰੇਨਿੰਗ ਪੰਜਾਬ ਇਨਫੋਟੈਕ ਕਾਰਪੋਰੇਸ਼ਨ ਚੰਡੀਗੜ੍ਹ ਦੇ ਹੁਸ਼ਿਆਰਪੁਰ ਵਿੱਚ ਮੌਜੂਦ 6 ਕਾਲ-ਸੀ ਸੈਂਟਰਾਂ ਰਾਹੀਂ ਦਿੱਤੀ ਜਾਵੇਗੀ। ਇਨ੍ਹਾਂ ਸੈਂਟਰਾਂ ਵਿੱਚ ਨਾਇਸ ਕੰਪਿਊਟਰ ਸੈਂਟਰ ਹੁਸ਼ਿਆਰਪੁਰ,ਬ੍ਰਿਟਿਸ਼ ਸਕੂਲ ਆਫ਼ ਲਰਨਿੰਗ ਹੁਸ਼ਿਆਰਪੁਰ, ਅਰਵਿੰਦ ਕੁਮਾਰ ਸੈਂਟਰ ਕਮਾਹੀ ਦੇਵੀ, ਬਲਵੰਤ ਸਿੰਘ ਸੈਂਟਰ ਤਲਵਾੜਾ, ਇੰਸਟੀਚਿਊਟ ਆਫ਼ ਕੰਪਿਊਟਰ ਐਜੂਕੇਸ਼ਨ ਟਾਂਡਾ ਅਤੇ ਐਰੀ ਪ੍ਰੋਫੈਸ਼ਨਲ ਸਰਵਿਸ ਮਾਹਿਲਪੁਰ ਸ਼ਾਮਲ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ 2000 ਰੁਪਏ ਵਜੀਫ਼ਾ ਦਿੱਤਾ ਜਾਵੇਗਾ ਅਤੇ 50 ਵਿਦਿਆਰਥੀਆਂ ਨੂੰ ਕੰਪਿਊਟਰ ਡਿਪਲੋਮੇ ਦੀ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਬੀ ਡੀ ਪੀ ਓਜ ਨੂੰ ਹਦਾਇਤ ਕੀਤੀ ਕਿ ਉਹ ਚਾਹਵਾਨ ਯੋਗ ਸਿਖਿਆਰਥੀਆਂ ਦੀ ਚੋਣ ਕਰਕੇ ਤੁਰੰਤ ਭੇਜਣ ਤਾਂ ਜੋ ਮਾਰਚ 2013 ਦੇ ਪਹਿਲੇ ਹਫ਼ਤੇ ਟਰੇਨਿੰਗ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਕੋਈ ਫੀਸ ਨਹੀਂ ਲਈ ਜਾਵੇਗੀ, ਟਰੇਨਿੰਗ ਲੈਣ ਤੋਂ ਬਾਅਦ ਪੰਜਾਬ ਇਨਫੋਟੈਕ ਵੱਲੋਂ ਇਨ੍ਹਾਂ ਉਮੀਦਵਾਰਾਂ ਨੂੰ ਰੋਜ਼ਗਾਰ ਦੁਆਉਣ ਦੇ ਵੀ ਉਪਰਾਲੇ ਕੀਤੇ ਜਾਣਗੇ।
Post a Comment