ਅਮਨਦੀਪ ਦਰਦੀ, ਗੁਰੂਸਰ ਸੁਧਾਰ /ਵਿਟਾਮਿਨ ਸੀ ਅਤੇ ਡੀ ਨਾਲ ਭਰਪੂਰ ਬੇਰ ਪੰਜਾਬ ਦਾ ਇੱਕ ਖੂਬਸੂਰਤ ਫਲ ਹੈ। ਇੱਥੋਂ ਨਜ਼ਦੀਕ ਹੀ ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਗੁੜਿਆਂ ਦੇ ਬੇਰ ਦੇਸ਼ ਵਿੱਚ ਹੀ ਨਹੀਂ ਸਗੋਂ ਪ੍ਰਦੇਸ਼ਾਂ ਵਿੱਚ ਵੀ ਬਹੁਤ ਪ੍ਰਸਿੱਧ ਹੋਣ ਦੇ ਨਾਲ-ਨਾਲ ਇਹਨਾਂ ਦੇ ਮਿੱਠੇਪਣ ਦੀਆਂ ਪੰਜਾਬੀ ਲੋਕ ਬੋਲੀਆਂ ਅਤੇ ਸਿੱਠਣੀਆਂ ਵਿੱਚ ਵੀ ਵਰਣਨ ਮਿਲਦਾ ਹੈ। ਕਿਸੇ ਪੰਜਾਬੀ ਲੋਕ ਗਾਇਕ ਨੇ ਤਾਂ ਆਪਣੇ ਗੀਤ ‘‘ਸਾਨੂੰ ਗਿੱਟਕਾਂ ਗਿਣਨ ’ਤੇ ਈ ਰੱਖ ਲਾ, ਨੀ ਬੇਰੀਆਂ ਦੇ ਬੇਰ ਖਾਣੀਏ’’ ਨੂੰ ਸੁਰੀਲੀ ਅਵਾਜ਼ ਦੇ ਕੇ ਗਾਇਆ ਹੈ ਅਤੇ ਇਹਨਾਂ ਬੇਰਾਂ ਸੰਗੀਤ ਸੱਭਿਆਚਾਰ ਵਿੱਚ ਵੀ ਮਾਣਮੱਤੀ ਥਾਂ ਦਿੱਤੀ ਹੈ। ਪਿਛਲੇ ਕਰੀਬ ਦੋ ਹਫਤਿਆਂ ਤੋਂ ਪਿੰਡ ਗੁੜਿਆਂ ਦੇ ਨਜ਼ਦੀਕ ਜੀ.ਟੀ. ਰੋਡ ’ਤੇ ਸੈਂਕੜੇ ਪ੍ਰਵਾਸੀ ਮਜ਼ਦੂਰ ਪਿੰਡ ਗੁੜਿਆਂ ਦੇ ਬੇਰਾਂ ਦੀ ਪ੍ਰਸਿੱਧੀ ਸਦਕਾ ਹੀ ਰਾਹਗੀਰਾਂ ਨੂੰ ਮਹਾਂਰਾਸ਼ਟਰ ਅਤੇ ਗੁਜਰਾਤ ਤੋਂ ਪੈਦਾ ਹੋਏ ਤੇ ਲੁਧਿਆਣੇ ਦੀ ਸਬਜ਼ੀ ਮੰਡੀ ਤੋਂ ਖਰੀਦੇ ਬੇਰ ਵੇਚ ਕੇ ਖੂਬ ਕਮਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹਨਾਂ ਸੂਬਿਆਂ ਵਿੱਚ ਰੇਤਲੀ ਧਰਤੀ ਅਤੇ ਖੁਸ਼ਕ ਵਾਤਾਵਰਣ ਹੋਣ ਕਰਕੇ ਬੇਰਾਂ ਦੀ ਭਰਪੂਰ ਖੇਤੀ ਕੀਤੀ ਜਾਂਦੀ ਹੈ ਅਤੇ ਹਰੇਕ ਸਾਲ ਇਹ ਪ੍ਰਵਾਸੀ ਮਜ਼ਦੂਰ ਪਿੰਡ ਗੁੜਿਆਂ ਦੇ ਬੇਰਾਂ ਦੀ ਪ੍ਰਸਿੱਧੀ ਦੀ ਆੜ ਹੇਠ ਭਾਰੀ ਗਿਣਤੀ ਵਿੱਚ ਇੱਥੇ ਆ ਕੇ ਰੇਹੜੀਆਂ ’ਤੇ ਬੇਰ ਵੇਚ ਕੇ ਮੋਟੀ ਕਮਾਈ ਕਰਦੇ ਹਨ। ਜਦੋਂਕਿ ਪਿੰਡ ਗੁੜਿਆਂ ਦੀਆਂ ਬੇਰੀਆਂ ਦੇ ਬੇਰ ਅਜੇ ਬਹੁਤ ਕੱਚੇ ਹਨ ਅਤੇ ਉਹਨਾਂ ਨੇ ਮਾਰਚ ਮਹੀਨੇ ਦੇ ਪਹਿਲੇ ਹਫਤੇ ਖਾਣਯੋਗ ਹੋਣਾ ਹੈ। ਰਾਹਗੀਰ ਇਹ ਮਹਾਂਰਾਸ਼ਟਰ ਤੇ ਗੁਜਰਾਤ ਤੋਂ ਆਏ ਬੇਰ ਖਾ ਕੇ ਹੀ ਪਿੰਡ ਗੁੜਿਆਂ ਦੇ ਬੇਰਾਂ ਦੀ ਸਿਫ਼ਤ ਸਲਾਹ ਕਰਦੇ ਨਹੀਂ ਥੱਕਦੇ।
ਜੀ.ਟੀ. ਰੋਡ ’ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬੇਰਾਂ ਦੀਆਂ ਲਗਾਈਆਂ ਰੇਹੜੀਆਂ ਦਾ ਦ੍ਰਿਸ਼
Post a Comment