ਝਨੀਰ -5 ਫਰਵਰੀ- ਸੰਜੀਵ ਸਿੰਗਲਾ/ ਭਦੌੜ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਨਕਾਰ ਬਣਨ ਵਾਲੇ ਮੁਹੰਮਦ ਸਦੀਕ ਨੇ ਅੱਜ ਵਿਧਾਇਕ ਬਣਨ ਤੋਂ ਇੱਕ ਸਾਲ ਬਾਅਦ ਪਹਿਲੀ ਵਾਰ ਸਰਦੂਲਗੜ੍ਹ ਖੇਤਰ ਵਿੱਚ ਕੋਈ ਖੁੱਲ੍ਹਾ ਅਖਾੜਾ ਲਾਇਆ । ਕਈ ਦਹਾਕੇ ਬੀਤ ਜਾਣ ਬਾਅਦ ਵੀ ਆਪਣੀ ਅਵਾਜ ,ਅੰਦਾਜ ਅਤੇ ਵਿਰਾਸਤ ਕਾਇਮ ਰੱਖਣ ਵਾਲੇ ਪੰਜਾਬੀ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਨੇ ਅੱਜ ਸਰਦੂਲਗੜ੍ਹ ਤਹਿਸੀਲ ਦੇ ਪਿੰਡ ਝੰਡੂਕੇ ਵਿਖੇ ਹਰਜਿੰਦਰ ਸਿੰਘ ਨਾਮੀ ਇੱਕ ਨੌਜਵਾਨ ਦੇ ਵਿਆਹ ਸਮਾਗਮ ਵਿੱਚ ਖੁੱਲ੍ਹਾਂ ਅਖਾੜਾ ਲਾ ਕੇ ਇਲਾਕਾ ਨਿਵਾਸੀਆਂ ਦਾ ਭਰਪੂਰ ਮਨੋਰੰਜਨ ਕੀਤਾ । ਕੁੜਤੇ ਚਾਦਰੇ ਵਿੱਚ ਸਜ ਧਜ ਕੇ ਮੰਚ ’ਤੇ ਪੁੱਜੇ ਸਦੀਕ ਨੇ ਜਦੋਂ ਰਵਾਇਤ ਮੁਤਾਬਿਕ ਆਪਣੇ ਧਾਰਮਿਕ ਗੀਤ ਨਾਲ ਅਖਾੜੇ ਦੀ ਸ਼ੁਰੂਆਤ ਕੀਤੀ ਤਾਂ ਦੇਖਦੇ - ਦੇਖਦੇ ਹੀ ਪਿੰਡਾਂ ਦੇ ਲੋਕਾਂ ਦਾ ਮਜਮਾਂ ਲੱਗ ਗਿਆ । ਆਪਣੇ ਚਹੇਤੇ ਗਾਇਕ ਦਾ ਅਖਾੜਾ ਸੁਣਨ ਲਈ ਲੋਕ ਟਰੈਕਟਰਾਂ , ਸਕੂਟਰਾਂ ,ਕਾਰਾਂ, ਟਰੱਕਾਂ , ਸਾਇਕਲਾਂ ਅਤੇ ਬਲਦ ਰੇੜੀਆਂ ’ਤੇ ਪੁੱਜੇ । ਠਾਠਾਂ ਮਾਰਦੇ ਇਕੱਠ ਤੋਂ ਬਾਗੋ ਬਾਗ ਸਦੀਕ ਨੇ ਮੰਚ ਤੋਂ ਕਿਹਾ ਐਮ.ਐਲ .ਏ ਮੈਂ ਭਾਂਵੇ ਕਾਂਗਰਸ ਦਾ ਹਾਂ ਪਰ ਸਦੀਕ ਤੁਹਾਡਾ ਸਭਨਾਂ ਦਾ ਹਾਂ । ਚੰਡੀਗੜ੍ਹ ਦੇ ਵਿਧਾਨ ਹਾਲ ਦੀ ਪੌੜੀਆਂ ਚੜ੍ਹਾਂਉਂਣ ਲਈ ਵੋਟਾਂ ਤਾਂ ਭਦੌੜ ਹਲਕੇ ਦੇ ਵੋਟਰਾਂ ਨੇ ਹੀ ਪਾਈਆਂ ਹਨ ਪਰ ਮੇਰੀ ਜਿੱਤ ਦੀਆਂ ਦੁਆਵਾਂ ਸਭ ਨੇ ਹੀ ਕੀਤੀਆਂ ਸਨ ।ਸਦੀਕ ਦੀ ਗਾਇਕੀ ਦੇ ਦੀਵਾਨੇ ਝੁਨੀਰ ਦੇ ਪੱਪੂ ਨੇ ਦੱਸਿਆ ਸਦੀਕ ਦੀ ਅਵਾਜ ਵਿੱਚ ਅੱਜ ਵੀ ਪਹਿਲਾਂ ਵਾਲਾ ਹੀ ਦਮ ਹੈ । ਉਹ ਸਾਜਾਂ ਦੇ ਸਹਾਰੇ ਨਹੀਂ ਹਿੱਕ ਦੇ ਦਮ ਨਾਲ ਗਾਉਂਦਾ ਹੈ । ਇਸੇ ਲਈ ਅੱਜ ਵੀ ਸਦੀਕ ਦੇ ਸਰੋਤੇ ਵਹੀਰਾਂ ਘੱਤ ਕੇ ਪੁੱਜਦੇ ਹਨ । ਅਖਾੜਾ ਸੁਣਨ ਪੁੱਜੇ ਮਨੀ ਉੱਡਤ , ਦੀਦਾਰ ਹੀਰਕੇ ਅਤੇ ਗੁਰਪ੍ਰੀਤ ਸਿੰਘ ਝੰਡੂਕੇ ਨੇ ਕਿਹਾ ਸਦੀਕ ਦੇ ਅਖਾੜੇ ਸੁਣਦੇ ਸੁਣਦੇ ਸਰੋਤੇ ਚਿੱਟ ਦਾਹੜੀਏ ਬਣ ਕੇ ਪੋਤਰੇ ਪੋਤਰੀਆਂ ਵਾਲੇ ਹੋ ਗਏ ਹਨ ਪਰ ਸਦੀਕ ਦਾ ਪਹਿਲਾਂ ਵਾਲਾ ਜ਼ੋਸ ਅੱਜ ਵੀ ਨਹੀਂ ਘਟਿਆ । ਫੱਤਾ ਮਾਲੋਕਾ ਦੇ ਇੱਕ ਬਜ਼ੁਰਗ ਕਰਨੈਲ ਸਿੰਘ ਨੇ ਦੱਸਿਆ ਪਹਿਲਾਂ ਮੈਂ ਸਦੀਕ ਦਾ ਸਾਰਾ ਅਖਾੜਾ ਖੜ੍ਹੀ ਲੱਤ ਸੁਣ ਲੈਂਦਾ ਹੁੰਦਾ ਸੀ ਪਰ ਹੁਣ ਉਮਰ ਵੱਡੀ ਹੋਣ ਕਾਰਨ ਬੈਠਣਾ ਪੈਂਦਾ ਹੈ ਪਰ ਹੈਰਾਨੀ ਹੈ ਕਿ ਸਦੀਕ ਅੱਜ ਵੀ ਉਹੀ ਪਹਿਲਾਂ ਵਾਲਾ ਜਵਾਨ ਸਦੀਕ ਹੈ। ਮੰਚ ’ਤੇ ਸਦੀਕ ਦਾ ਸਾਥ ਦੇ ਰਹੀ ਸੁਖਜੀਤ ਕੌਰ ਅਤੇ ਸਦੀਕ ਦੀ ਗਾਇਕੀ ਦੀ ਗੱਲ ਕਰਦਿਆਂ ਕਈ ਲੋਕਾਂ ਨੇ ਕਿਹਾ ਕਿ ਆਹ ਕੁੜੀ ਤੋਂ ਰਣਜੀਤ ਕੌਰ ਵਾਲੀ ਗੱਲ ਤਾਂ ਨਹੀਂ ਬਣਦੀ ਪਰ ਸਦੀਕ ਨੇ ਕੋਈ ਕਸਰ ਬਾਕੀ ਨਹੀਂ ਛੱਡੀ । ਮੁਹੰਮਦ ਸਦੀਕ ਨੇ ਆਪਣੇ ਸਰੋਤਿਆਂ ਦੀ ਮੰਗ ’ਤੇ ਕਈ ਪੁਰਾਣੇ ਗੀਤਾਂ ਨੂੰ ਦੁਬਾਰਾ ਵੀ ਗਾਇਆ । ਅਖਾੜੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਅਜੋਕੀ ਗਾਇਕੀ ਨੂੰ ਨੌਜਵਾਨ ਪੀੜ੍ਹੀ ਨੂੰ ਕਰਾਹੇ ਪਾਉਂਣ ਵਾਲੀ ਗਾਇਕੀ ਕਿਹਾ । ਉਨ੍ਹਾਂ ਕਿਹਾ ਅੱਜ ਦੇ ਗਾਇਕ ਫੋਕੀ ਸੋਹਰਤ ਲਈ ਪੈਸੇ,ਨੰਗੇਜ ਅਤੇ ਵਿਗਿਆਨਕ ਜੁਗਤਾ ਦਾ ਸਹਾਰਾ ਲੈ ਰਹੇ ਹਨ । ਪੰਜਾਬੀ ਗਾਇਕੀ ਨੂੰ ਬਹੁਤੇ ਕਲਾਕਾਰਾਂ ਨੇ ਦੋਗਲੀ ਜਿਹੀ ਬਣਾ ਦਿੱਤਾ ਹੈ । ਮਿਹਨਤ ਤੋਂ ਕੋਰੇ ਕਈ ਗਾਇਕ ਮਾੜੇ ਟੱਪਿਆਂ ਵਾਲੇ ਗੀਤ ਗਾ ਕੇ ਰਾਤੋ ਰਾਤ ਸਟਾਰ ਬਣਨ ਦੇ ਸੁਪਨੇ ਪਾਲ ਰਹੇ ਹਨ । ਉਨ੍ਹਾਂ ਗਾਇਕਾਂ ਨੂੰ ਪਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕਾਰਜ਼ ਕਰਨ ਦੀ ਅਪੀਲ ਕੀਤੀ । ਜਿੱਥੇ ਉਨ੍ਹਾ ਲੇਖਕਾਂ ਨੂੰ ਚੰਗੇ ਅਤੇ ਸੇਧ ਵਾਲੇ ਗੀਤ ਲਿਖਣ ਦੀ ਅਪੀਲ ਕੀਤੀ ਉੱਥੇ ਹੀ ਦਰਸ਼ਕਾਂ ਨੂੰ ਵੀ ਚੰਗੀ ਗਾਇਕੀ ਦੇ ਦਰਸ਼ਕ ਬਣਨ ਲਈ ਵੀ ਕਿਹਾ । ਆਪਣੇ ਕਿਰਦਾਰ ਦੀ ਗੱਲ ਕਰਦਿਆਂ ਉਨ੍ਹਾ ਕਿਹਾ ਮੈਂ ਕਦੇ ਵੀ ਸਸਤੀ ਸ਼ੋਹਰਤ ਲਈ ਆਪਣਾ ਮਿਆਰ ਨਹੀਂ ਤਿਆਗਿਆ । ਆਪਣੀ ਪੰਜਾਬੀ ਹੋਂਦ ਨੂੰ ਕਾਇਮ ਰੱਖਣ ਲਈ ਮੈਂ ਤਾਂ ਵਿਧਾਨ ਸਭਾ ਵਿੱਚ ਵੀ ਚਾਦਰਾ ਕੁੜਤਾ ਹੀ ਪਾਇਆ ਹੋਇਆ ਹੈ।
ਝੰਡੂਕੇ ਪਿੰਡ ਵਿੱਚ ਲੱਗੇ ਅਖਾੜੇ ਦੌਰਾਨ ਗੀਤ ਪੇਸ਼ ਕਰ ਰਹੇ ਗਾਇਕ ਮੁਹੰਮਦ ਸਦੀਕ

Post a Comment