ਪਟਿਆਲਾ, 2 ਫਰਵਰੀ: /ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਸ਼੍ਰੀ ਅਲਤਮਸ ਕਬੀਰ ਨੇ ਕਿਹਾ ਹੈ ਕਿ ਔਰਤਾਂ ਨਾਲ ਜਬਰ ਜਿਨਾਹ ਅਤੇ ਉਨ੍ਹਾਂ ਵਿਰੁਧ ਅੱਤਿਆਚਾਰ ਦੇ ਵੱਧ ਰਹੇ ਮਾਮਲੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਪੀੜਤਾਂ ਨੂੰ ਛੇਤੀ ਨਿਆਂ ਦਿਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਲਈ ਪੂਰੇ ਦੇਸ਼ ਭਰ ਅੰਦਰ ਫਾਸਟ ਟਰੈਕ ਅਦਾਲਤਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਭਰ 'ਚ ਪਿਛਲੇ ਦੋ ਹਫ਼ਤਿਆਂ ਦੌਰਾਨ ਅਜਿਹੇ 400 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਹ ਅੱਜ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਪਿੰਡ ਸਿੱਧੂਵਾਲ ਸਥਿਤ ਕੈਂਪਸ ਵਿਖੇ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਮੌਕੇ ਜਸਟਿਸ ਕਬੀਰ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਬਕਾਇਆ ਮਾਮਲਿਆਂ ਵਿੱਚੋਂ ਵੱਡੀ ਗਿਣਤੀ 'ਚ ਅਜਿਹੇ ਮਾਮਲੇ ਹਨ ਜਿਨ੍ਹਾਂ ਕੇਸਾਂ ਨੂੰ ਦਾਇਰ ਵਾਲੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਪਰ ਇਹ ਮਾਮਲੇ ਹਾਲੇ ਵੀ ਰਿਕਾਰਡ ਵਿੱਚ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ 'ਚ ਸਿਵਲ ਅਤੇ ਫੌਜਦਾਰੀ ਮਾਮਲਿਆ ਦੀ ਵੱਖੋ ਵੱਖਰੀ ਸੁਣਵਾਈ ਕਰਨ ਦੀ ਯੋਜਨਾ ਉਲੀਕੀ ਜਾ ਰਹੀ ਹੈ। ਇਸ ਤੋਂ ਪਹਿਲਾਂ ਆਪਣੇ ਕਨਵੋਕੇਸ਼ਨ ਭਾਸ਼ਣ ਦੌਰਾਨ ਜਸਟਿਸ ਅਲਤਮਸ ਕਬੀਰ ਨੇ ਕਾਨੂੰਨ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਸੀਂ ਦੇਸ਼ ਦਾ ਭਵਿਖ ਹੋ ਅਤੇ ਕਾਨੂੰਨ ਵਰਗੇ ਇਕ ਅਹਿਮ ਕਿੱਤੇ ਨੂੰ ਅਪਣਾਉਂਦਿਆਂ ਤੁਹਾਡੀ ਦੇਸ਼ ਪ੍ਰਤੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਤੁਹਾਡਾ ਮਾਰਗ ਦਰਸਨ ਤਾਂ ਕਰ ਦਿੱਤਾ ਹੈ ਪਰ ਵਿਸ਼ਵ 'ਚ ਆਪਣੀ ਪਹਿਚਾਣ ਬਣਾਉਣ ਲਈ ਜੋਰਦਾਰ ਉਪਰਾਲੇ ਕਰਨੇ ਪੈਣਗੇ।
ਚੀਫ਼ ਜਸਟਿਸ ਕਬੀਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਦੇਸ਼ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਸੱਚੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਇਸ ਕਾਨੂੰਨ ਦੇ ਕਿੱਤੇ ਨੂੰ ਨਿਭਾਉਣ। ਉਨ੍ਹਾਂ ਅੱਜ ਦੀ ਕਨਵੋਕੇਸ਼ਨ 'ਚ ਡਿਗਰੀਆਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੜਕੀਆਂ ਲਈ ਵੀ ਕਾਨੂੰਨ ਦਾ ਕਿੱਤਾ ਕਾਫ਼ੀ ਸੰਭਾਵਨਾਵਾਂ ਭਰਪੂਰ ਹੈ, ਕਿਉਂਕਿ ਇਹ ਬਹੁਤ ਹੀ ਸਤਿਕਾਰ ਵਾਲਾ ਕਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਭਵਿਖ 'ਚ ਵੀ ਇਹ ਯੂਨੀਵਰਸਿਟੀ ਦੇਸ਼ ਨੂੰ ਉੱਘੇ ਕਾਨੂੰਨਦਾਨ ਅਤੇ ਚੰਗੇ ਨਾਗਰਿਕ ਪ੍ਰਦਾਨ ਕਰਨ ਕਰਨ 'ਚ ਆਪਣਾ ਅਹਿਮ ਯੋਗਦਾਨ ਪਾਵੇਗੀ।
ਇਸ ਤੋਂ ਪਹਿਲਾਂ ਲਾਅ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਸ਼੍ਰੀ ਏ.ਕੇ. ਸੀਕਰੀ ਨੇ ਅਕਾਦਮਿਕ ਸਾਲ 2011 ਅਤੇ 2012 ਦੋਵੇਂ ਸ਼ੈਸ਼ਨਾਂ ਦੀ ਇਹ ਪਹਿਲੀ ਅਤੇ ਸਾਂਝੀ ਕਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ 173 ਵਿਦਿਆਰਥੀਆਂ ਨੂੰ ਬੀ.ਏ.ਐਲ.ਐਲ.ਬੀ., ਐਲ.ਐਲ.ਐਮ. ਅਤੇ ਪੀ.ਐਚ.ਡੀ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਇਨ੍ਹਾਂ ਵਿੱਚ ਬੀ.ਏ.ਐਲ.ਐਲ.ਬੀ. ਦੀਆਂ 151, ਐਲ.ਐਲ.ਐਮ. ਦੀਆਂ 21 ਡਿਗਰੀਆਂ ਸਮੇਤ 1 ਡਿਗਰੀ ਪੀ.ਐਚ.ਡੀ. ਦੀ ਵੀ ਸ਼ਾਮਲ ਹੈ। ਇਸ ਮੌਕੇ ਜਸਟਿਸ ਸੀਕਰੀ ਦੇ ਨਾਲ ਲਾਅ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਪ੍ਰੋ. ਪਰਮਜੀਤ ਸਿੰਘ ਜਸਵਾਲ ਅਤੇ ਰਜਿਸਟਰਾਰ ਪ੍ਰੋ. ਜੀ.ਆਈ.ਐਸ. ਸੰਧੂ ਵੀ ਮੌਜੂਦ ਸਨ। ਇਸ ਸਮਾਰੋਹ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਜੱਜ ਸ਼੍ਰੀ ਐਸ.ਐਸ. ਨਿੱਜਰ ਨੇ ਕੀਤੀ, ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਕੌਮੀ ਕਾਨੂੰਨ ਕਮਿਸ਼ਨ ਦੇ ਚੇਅਰਮੈਨ ਜਸਟਿਸ ਸ਼੍ਰੀ ਡੀ.ਕੇ. ਜੈਨ ਵਿਸ਼ੇਸ਼ ਮਹਿਮਾਨ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਜਸਟਿਸ ਸ਼੍ਰੀ ਜਸਬੀਰ ਸਿੰਘ ਸਮੇਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੋਰ ਜੱਜ ਸਹਿਬਾਨ ਵੀ ਮੌਜੂਦ ਸਨ।
ਇਸ ਮੌਕੇ ਲਾਅ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਸ਼੍ਰੀ ਏ.ਕੇ. ਸੀਕਰੀ ਨੇ ਚਾਂਸਲਰ ਭਾਸ਼ਣ ਦਿੰਦਿਆਂ ਡਿਗਰੀਆਂ ਤੇ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿਖ ਦੀ ਕਾਮਨਾ ਕੀਤੀ। ਜਸਟਿਸ ਸੀਕਰੀ ਨੇ ਜਿੱਥੇ ਵਿਦਿਆਰਥੀਆਂ ਨੂੰ ਇਕ ਜੁੰਮੇਵਾਰ ਨਾਗਰਿਕ ਬਨਣ ਦੀ ਸਲਾਹ ਦਿੱਤੀ ਉਥੇ ਹੀ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦਾ ਭਵਿਖ ਵਿਦਿਆਰਥੀਆਂ ਨੂੰ ਤਰਾਸ਼ਣ ਦੇ ਅਹਿਮ ਕਾਰਜ ਨੂੰ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਇਸ ਤੋਂ ਪਹਿਲਾਂ ਲਾਅ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਪ੍ਰੋ. ਪਰਮਜੀਤ ਸਿੰਘ ਜਸਵਾਲ ਨੇ ਚੀਫ ਜਸਟਿਸ ਸ਼੍ਰੀ ਅਲਤਮਸ ਕਬੀਰ ਅਤੇ ਜਸਟਿਸ ਸੀਕਰੀ ਸਮੇਤ ਹੋਰਨਾਂ ਜੱਜਾਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਇਸੇ ਦੌਰਾਨ ਚੀਫ਼ ਜਸਟਿਸ ਸ਼੍ਰੀ ਕਬੀਰ ਵੱਲੋਂ ਅਕਾਦਮਿਕ ਖੇਤਰ ਅਤੇ ਹੋਰ ਕ੍ਰਿਆਵਾਂ 'ਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ 33 ਮੈਡਲ ਵੀ ਪ੍ਰਦਾਨ ਕੀਤੇ ਗਏ। ਐਲ.ਐਲ.ਐਮ. ਕੋਰਸ ਦੇ ਵਿਦਿਆਰਥੀ ਗੁਰਨੀਤ ਸਿੰਘ ਨੂੰ ਸਾਲ 2007-09, ਸੁਦੀਪਤਾ ਮੁਖਰਜੀ ਨੂੰ ਸਾਲ 2008-10, ਇਵਨੀਤ ਕੌਰ ਵਾਲੀਆ ਨੂੰ ਸਾਲ 2009-11 ਅਤੇ ਸੁਖਪ੍ਰੀਤ ਕੌਰ ਨੂੰ ਸਾਲ 2010-12 ਲਈ ਯੂਨੀਵਰਸਿਟੀ ਮੈਡਲ ਅਤੇ ਸੁਰਾਨਾ ਐਂਡ ਸੁਰਾਨਾ ਮੈਡਲ ਫਾਰ ਐਕਸੀਲੈਂਸ ਸਮੇਤ ਸੁਖਪ੍ਰੀਤ ਕੌਰ ਅਤੇ ਸੁਕੰਨਿਆ ਅਚਾਰੀਆ ਨੂੰ ਸਾਲ 2010-12 ਲਈ ਆਰ.ਜੀ.ਐਨ.ਯੂ.ਐਲ. ਮੈਡਲ ਪ੍ਰਦਾਨ ਕੀਤੇ ਗਏ।
ਜਦੋਂਕਿ ਬੀ.ਏ.ਐਲ.ਐਲ.ਬੀ. ਕੋਰਸ (2007-12) ਲਈ ਵਿਦਿਆਰਥਣ ਪਲਵੀ ਸਿਨਹਾ ਚੌਧਰੀ ਨੂੰ ਚਾਂਸਲਰ ਮੈਡਲ, ਯੂਨੀਵਰਸਿਟੀ ਮੈਡਲ, ਪਵਾਨੀ ਸਤਿਆਨਾਰਾਇਨਮਾ, ਸੁਰਾਨਾ ਐਂਡ ਸੁਰਾਨਾ, ਆਰ.ਜੀ.ਐਨ.ਯੂ.ਐਲ. ਮੈਡਲ, ਕੇ.ਟੀ.ਐਸ. ਤੁਲਸੀ ਦੇ ਦੋ ਮੈਡਲਾਂ ਸਮੇਤ 6 ਮੈਡਲ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਇਸੇ ਕੋਰਸ ਦੇ ਹੋਰ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਚ ਤੰਨੂਸ਼੍ਰੀ ਦਾਸ, ਊਮਾਮਹੇਸ਼ ਐਸ., ਪ੍ਰਭਜੋਤ ਕੌਰ, ਪ੍ਰਤਿਸ਼ਠਾ ਸਿੰਘ, ਹਸਨਦੀਪ ਸਿੰਘ ਬਾਜਵਾ, ਧੈਰਿਅ ਵਰਿਸ਼ਪਰਵਾ ਉਰਫ਼ ਜਤਿਨ ਕੁਮਾਰ ਗੁਪਤਾ, ਸਾਕਸ਼ੀ ਸਰਮਾ, ਮਾਧਵ ਸ਼ਰਮਾ, ਪਿਊਸ਼ ਖੰਨਾ, ਵਿਜੇ ਬਿਸ਼ਨੋਈ, ਸੁਕ੍ਰਿਤੀ ਅਤੇ ਰਸਲੀਨ ਕੌਰ ਦੂਆ ਸ਼ਾਮਲ ਹਨ, ਜਿਨ੍ਹਾ ਨੂੰ ਯੂਨੀਵਰਸਿਟੀ ਮੈਡਲ, ਚਾਂਸਲਰ ਮੈਡਲ, ਵਾਈਸ ਚਾਂਸਲਰ ਮੈਡਲ, ਪਵਾਨੀ ਸਤਿਆਨਾਰਾਇਨਮਾ ਗੋਲਡ ਮੈਡਲ, ਕੇ.ਟੀ.ਐਸ. ਤੁਲਸੀ ਮੈਡਲ, ਮੋਹਨ ਲਾਅ ਹਾਊਸ ਮੈਡਲ, ਸੁਰਾਨਾ ਐਂਡ ਸੁਰਾਨਾ ਗੋਲਡ ਮੈਡਲ ਪ੍ਰਦਾਨ ਕੀਤੇ ਗਏ।
ਇਸ ਮੌਕੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਕਾਨੂੰਨੀ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾਨ ਯੂਨੀਵਰਸਿਟੀ ਵੱਲੋਂ ਅਪਣਾਏ ਗਏ ਪਿੰਡਾਂ ਸਿੱਧੂਵਾਲ ਅਤੇ ਬਖ਼ਸ਼ੀਵਾਲ ਸਮੇਤ ਨੇੜਲੇ ਪਿੰਡਾਂ ਦੇ ਵਸਨੀਕਾਂ ਦੀਆਂ ਕਾਨੂੰਨੀ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੇ ਹੱਲ ਕਰਨ ਸਮੇਤ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਐਲ.ਪੀ.ਜੀ. ਗੈਸ ਸਬੰਧੀ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੈਂਪ ਦੌਰਾਨ ਜਸਟਿਸ ਕਬੀਰ ਵੱਲੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦੇ ਸਟਾਲ 'ਤੇ ਆਧਾਰ ਕਾਰਡ ਧਾਰਕਾਂ ਨੂੰ ਮੌਕੇ 'ਤੇ ਹੀ ਕਾਰਡ ਵੀ ਦਿੱਤੇ ਗਏ ਅਤੇ ਐਸ.ਸੀ,ਬੀ.ਸੀ. ਕਾਰਡ ਧਾਰਕਾਂ ਨੂੰ ਨਗਦ ਰਾਸ਼ੀ ਪ੍ਰਦਾਨ ਕੀਤੀ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਭਰੂਣ ਹੱਤਿਆ, ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਵਿਰੁਧ ਲਗਾਈ ਗਈ ਪ੍ਰਦਰਸ਼ਨੀ, ਖੂਨ ਦਾਨ ਅਤੇ ਮੈਡੀਕਲ ਕੈਂਪ ਅਤੇ ਨਵਜੀਵਨੀ ਸੰਸਥਾ ਦੇ ਸਟਾਲ ਸਮੇਤ ਉਸਾਰੀ ਮਜਦੂਰਾਂ ਦੀ ਰਜਿਸਟ੍ਰੇਸ਼ਨ ਸਟਾਲ ਦਾ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਜਸਟਿਸ ਕਬੀਰ ਵੱਲੋਂ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿਖੇ ਨਵੇਂ ਉਸਾਰੇ ਜਾਣ ਵਾਲੇ ਆਡੀਟੋਰੀਅਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਤੋਂ ਇਲਾਵਾ ਆਰ.ਜੀ.ਐਨ.ਯੂ.ਐਲ. ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ 'ਯੂਨੀਵਰਸਿਟੀ ਅਲੂਮਨਾਈ ਐਸੋਸੀਏਸ਼ਨ' ਦਾ ਵੀ ਗਠਨ ਕੀਤਾ ਗਿਆ। ਇਸ ਮੌਕੇ ਪਿੰਡ ਸਿਧੂਵਾਲ, ਬਖ਼ਸੀਵਾਲ ਪਿੰਡਾਂ ਦੇ ਵਸਨੀਕਾਂ ਨੇ ਜਸਟਿਸ ਕਬੀਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ। ਇਸੇ ਦੌਰਾਨ ਪਟਿਆਲਾ ਪੁਲਿਸ ਦੀ ਟੁਕੜੀ ਵੱਲੋਂ ਜਸਟਿਸ ਕਬੀਰ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਜਸਬੀਰ ਸਿੰਘ, ਜਸਟਿਸ ਸੂਰੀਆ ਕਾਂਤ, ਜਸਟਿਸ ਹੇਮੰਤ ਗੁਪਤਾ, ਜਸਟਿਸ ਰਾਜੀਵ ਭੱਲਾ, ਜਸਟਿਸ ਸ. ਇੰਦਰਜੀਤ ਸਿੰਘ, ਜਸਟਿਸ ਸ. ਪਰਮਜੀਤ ਸਿੰਘ ਧਾਲੀਵਾਲ, ਜਸਟਿਸ ਸ਼੍ਰੀ ਅਜੇ ਕੁਮਾਰ ਮਿੱਤਲ, ਪੰਜਾਬ ਦੇ ਕਾਨੂੰਨੀ ਮਸ਼ੀਰ ਸ. ਐਚ.ਪੀ.ਐਸ. ਮਾਹਲ, ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਵਨੀਤ ਕੌਰ, ਜ਼ਿਲ੍ਹਾ ਤੇ ਸ਼ੈਸ਼ਨਜ ਜੱਜ ਸ਼੍ਰੀ ਰਾਜ ਸ਼ੇਖਰ ਅੱਤਰੀ, ਸੀ.ਜੇ.ਐਮ. ਸ਼੍ਰੀ ਸ਼ਤਿਨ ਗੋਇਲ, ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ, ਡੀ.ਆਈ.ਜੀ. ਕਰਾਈਮ ਸ. ਐਸ.ਪੀ.ਐਸ. ਪਰਮਾਰ, ਕਮਿਸ਼ਨਰ ਪਟਿਆਲਾ ਡਵੀਜਨ ਸ. ਅਜੀਤ ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਏ.ਡੀ.ਸੀ. (ਜ) ਸ਼੍ਰੀਮਤੀ ਅੰਮ੍ਰਿਤ ਗਿੱਲ, ਏ.ਡੀ.ਸੀ. (ਡੀ) ਸ਼੍ਰੀਮਤੀ ਅਨਿੰਨਦਿਤਾ ਮਿੱਤਰਾ, ਕਾਰਜਕਾਰੀ ਐਸ.ਐਸ.ਪੀ. ਸ. ਸਮਸ਼ੇਰ ਸਿੰਘ ਬੋਪਾਰਾਏ, ਐਸ.ਪੀ. (ਸਿਟੀ) ਸ. ਦਲਜੀਤ ਸਿੰਘ ਰਾਣਾ, ਡਾ. ਜਗਬੀਰ ਸਿੰਘ, ਐਸ.ਡੀ.ਐਮ. ਸ. ਗੁਰਪਾਲ ਸਿੰਘ ਚਹਿਲ ਸਮੇਤ ਵੱਡੀ ਗਿਣਤੀ 'ਚ ਜੁਡੀਸ਼ੀਅਲ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ-ਉਨ੍ਹਾਂ ਦੇ ਮਾਪੇ, ਵਰਿਆਮ ਸਿੰਘ ਸਿੱਧੂਵਾਲ ਅਤੇ ਪਰਮਜੀਤ ਕੌਰ ਬਖਸ਼ੀਵਾਲ, ਲਾਲਾ ਖਾਨ ਹਸਨ ਅਲੀ ਸਮੇਤ ਨੇੜਲੇ ਪਿੰਡਾਂ ਦੇ ਵਸਨੀਕ ਵੀ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ।
Post a Comment