ਸ੍ਰੀ ਮੁਕਤਸਰ ਸਾਹਿਬ, 12 ਫਰਵਰੀ/ਸਫਲਸੋਚ/ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਪਰਮਜੀਤ ਸਿੰਘ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਅਮਨ ਕਾਨੂੰਨ ਦੀ ਸੁਖਾਵੀਂ ਸਥਿਤੀ ਬਣਾਈ ਰੱਖਣ ਲਈ ਧਾਰਾ 144 ਤਹਿਤ ਜ਼ਿਲ੍ਹੇ ਅੰਦਰ ਵੱਖ‑ਵੱਖ ਪ੍ਰਕਾਰ ਦੀਆਂ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 10 ਅਪ੍ਰੈਲ 2013 ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਵਿਸ਼ੇਸ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਕਿਸੇ ਕਿਸਮ ਦਾ ਜਲੂਸ ਕੱਢਣ ਅਤੇ 5 ਜਾਂ 5 ਤੋਂ ਵੱਧ ਵਿਅਕਤੀਆਂ ਦੀ ਇਕਤਰਤਾ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਕਿਸੇ ਧਾਰਮਿਕ ਜਲੂਸ/ਸਤਿਸੰਗ/ ਬਰਾਤ/ਸ਼ੋਕ ਇਕਤਰਤਾ ਉਪਰ ਲਾਗੂ ਨਹੀਂ ਹੋਵੇਗਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੁਦ ਅੰਦਰ ਕਿਸੇ ਕਿਸਮ ਦਾ ਹਥਿਆਰ ਲੈ ਕੇ ਚੱਲਣ 'ਤੇ ਅਤੇ ਉਸਦੇ ਪ੍ਰਦਰਸ਼ਨ 'ਤੇ ਪੂਰਣ ਤੌਰ 'ਤੇ ਪਾਬੰਦੀ ਦੇ ਹੁਕਮ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਪਰਮਜੀਤ ਸਿੰਘ ਨੇ ਜਾਰੀ ਕੀਤੇ ਹਨ। ਪਰ ਇਹ ਹੁਕਮ ਪੁਲਿਸ ਵਿਭਾਗ, ਹੋਮਗਾਰਡ, ਸੀ.ਆਰ.ਪੀ.ਐਫ. ਅਤੇ ਹੋਰ ਪੈਰਾ ਮਿਲਟਰੀ ਫੋਰਸਜ਼ ਦੇ ਕਰਮਚਾਰੀਆਂ ਜਿੰਨ੍ਹਾਂ ਪਾਸ ਸਰਕਾਰੀ ਹਥਿਆਰ ਹਨ 'ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਅਸਲੇ ਸਬੰਧੀ ਕਾਰ ਵਿਹਾਰ ਜਿਵੇਂ ਕਿ ਅਸਲਾ ਲਾਇਸੈਂਸ ਨਵੀਨ/ਅਸਲਾ ਦਰਜ ਕਰਵਾਉਣਾ/ਐਡੀਸ਼ਨ ਕਾਰਵਾਉਣਾ ਜਾਂ ਬੋਰ ਬਦਲੀ ਆਦਿ ਕਰਵਾਉਣ ਸਮੇਂ ਅਸਲਾ ਚੈਕ ਕਰਵਾਉਣ ਲਈ ਨਾ ਖੋਲਣਯੋਗ ਸਾਲਮ ਹਥਿਆਰ ਅਤੇ ਖੋਲਣਯੋਗ ਹਥਿਆਰਾਂ ਦੇ ਨੰਬਰਸੁਦਾ ਹਿੱਸੇ ਸਬੰਧਤ ਦਫ਼ਤਰ ਤੱਕ ਲਾਇੰਸੈਂਸਦਾਰਾਂ ਨੂੰ ਚੁੱਕਣ ਦੀ ਆਗਿਆ ਹੋਵੇਗੀ। ਇਸੇ ਤਰਾਂ ਉਨ੍ਹਾਂ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਕਾਰਖਾਨੇਦਾਰ, ਵਪਾਰੀ, ਦੁਕਾਨਦਾਰ ਜਾਂ ਹੋਰ ਸੰਸਥਾਵਾਂ ਵਾਲੇ ਆਪਣੇ ਕੰਮ ਕਾਰ ਨੂੰ ਚਲਾਉਣ ਲਈ ਪ੍ਰਵਾਸੀ ਮਜਦੂਰਾਂ ਨੂੰ ਰੁਜਗਾਰ ਦਿੰਦੇ ਹਨ ਜਾਂ ਆਪਣੇ ਘਰੇਲੂ ਕੰਮਾਂ ਵਿਚ ਨੌਕਰੀ ਦਿੰਦੇ ਹਨ, ਉਤਨੀ ਦੇਰ ਇੰਨ੍ਹਾਂ ਮਜਦੂਰਾਂ ਨੂੰ ਕੰਮ 'ਤੇ ਨਹੀਂ ਰੱਖਣਗੇ ਜ਼ਿੰਨ੍ਹੀ ਦੇਰ ਇੰਨ੍ਹਾਂ ਵਿਅਕਤੀਆਂ ਦੀ ਸੂਚਨਾ, ਨਾਂਅ ਅਤੇ ਪੁਰਾ ਪਤਾ/ਟਿਕਾਣਾ ਨੇੜੇ ਦੇ ਪੁਲਿਸ ਥਾਣੇ ਵਿਜ ਦਰਜ ਨਹੀਂ ਕਰਵਾਉਂਦੇ। ਇਸੇ ਤਰਾਂ ਉਨ੍ਹਾਂ ਨੇ ਹੁਕਮ ਜਾਰੀ ਕਰਕੇ ਨਿਰਦੇਸ਼ ਦਿੱਤਾ ਹੈ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਵਿਅਕਤੀ ਪਿੰਡਾਂ ਦੇ ਬੈਂਕਾਂ, ਡਾਕਖਾਨਿਆਂ, ਛੋਟੇ ਡਾਕਘਰਾਂ, ਰੇਲਵੇ ਸਟੇਸ਼ਨਾਂ, ਸਰਕਾਰੀ ਦਫ਼ਤਰਾਂ, ਇੰਸਟੀਚਿਉਟ, ਨਹਿਰਾਂ ਦੇ ਕੰਢੇ ਅਤੇ ਪੁਲਾਂ ਨੂੰ ਤੋੜ‑ਫੋੜ ਦੁਆਰਾ ਨਸ਼ਟ ਕੀਤੇ ਜਾਣ ਤੋਂ ਬਚਾਉਣ ਲਈ 24 ਘੰਟੇ ਗਸ਼ਤ ਪਹਿਰਾ/ਰਾਖੀ ਦੀ ਡਿਊਟੀ ਨਿਭਾਉਣ। ਜੇਕਰ ਕਿਧਰੇ ਪੁਲ, ਨਹਿਰ ਜਾਂ ਸੂਏ ਦੇ ਟੁੱਟ ਜਾਣ ਦੀ ਸੰਭਾਵਨਾ ਹੋਵੇ ਤਾਂ ਇਸ ਸਬੰਧੀ ਸੂਚਨਾ ਨੇੜੇ ਦੇ ਥਾਣੇ ਜਾਂ ਸਬੰਧਤ ਉਪ ਮੰਡਲ ਮੈਜਿਸ਼ਟਰੇਟ ਨੂੰ ਦਿੱਤੀ ਜਾਵੇ।
Post a Comment