ਖ਼ੰਨਾ 12 ਫਰਵਰੀ ( ਥਿੰਦ ਦਿਆਲਪੁਰੀਆ ) : ਪੀਪਲਜ਼ ਪਾਰਟੀ ਆਫ ਪੰਜਾਬ ਦੇ ਐਸ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਟੈਲੀਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੀ.ਪੀ.ਪੀ. ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਇੱਕ ਵੱਖਰੇ ਅੰਦਾਜ਼ ਦੀ ਚੋਣ ਮੁਹਿੰਮ ਹੈ । ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਇੱਕ ਪਾਰਟੀ ਪ੍ਰਧਾਨ ਆਪਣੇ ਸਾਥੀਆਂ ਨੂੰ ਅਤੇ ਉਮੀਦਵਾਰ ਨੂੰ ਜੋ ਮੋਗਾ ਹਲਕੇ ਤੋਂ ਚੋਣ ਲੜ ਰਿਹਾ ਹੈ, ਜਿਸਦਾ ਚੋਣ ਨਿਸ਼ਾਨ ਪਤੰਗ ਹੈ, ਨੂੰ ਲੈ ਕੇ ਮੋਗਾ ਹਲਕੇ ਦੇ ਵੋਟਰਾਂ ਨੂੰ ਮਿਲਣ ਲਈ ਡੋਰ-ਟੂ-ਡੋਰ ਜਾ ਰਿਹਾ ਹੋਵੇ । ਉਥੇ ਇਹ ਵੀ ਦੇਖਿਆ ਗਿਆ ਹੈ ਕਿ ਕਈ ਦੁਕਾਨਦਾਰਾਂ ਦੇ ਕੰਮਕਾਜ ਦੌਰਾਨ ਹੱਥ ਲਿਬੜੇ ਹੋਏ ਸਨ ਤਾਂ ਉਹਨਾਂ ਨੂੰ ਵੀ ਮਨਪ੍ਰੀਤ ਸਿੰਘ ਬਾਦਲ ਬੜੇ ਪਿਆਰ ਨਾਲ ਹੱਥ ਮਿਲਾ ਰਿਹਾ ਸੀ ਅਤੇ ਆਪਣੇ ਕਲਾਵੇ ਵਿਚ ਲੈ ਕੇ ਆਪਣਾ ਮੂੰਹ ਉਹਨਾਂ ਦੇ ਕੰਨਾਂ ਕੋਲ ਕਰ ਕੇ ਕੁੱਝ ਸਮਝਾ ਰਿਹਾ ਸੀ । ਸ਼ਾਇਦ ਉਹ ਰਾਜਨੀਤੀ ਦੀ ਤਬਦੀਲੀ ਬਾਰੇ ਗੱਲ ਕਰ ਰਿਹਾ ਸੀ । ਕਦੇ ਉਹ ਉਚੀ ਅਵਾਜ਼ ਵਿਚ ਕਹਿੰਦਾ ਕਿ ਇਸ ਵਾਰ ਗਊ ਨੂੰ ਗਾਰ ਵਿਚੋਂ ਕੱਢ ਦਿਉ ਯਾਰ ... ... ... ਉਹਨਾਂ ਕਿਹਾ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਪਿੰਡ ਦੀਆਂ ਸੱਥਾਂ ਵਿਚ ਬੋਲਦਾ ਹੈ ਤਾਂ ਉਥੇ ਦੇ ਕਈ ਵੋਟਰ ਰੋਂਦੇ ਵੀ ਦੇਖੇ ਗਏ, ਉਹ ਇਹ ਕਹਿੰਦੇ ਸੁਣੇ ਗਏ ਕਿ ਅੰਦਰੋ ਬੋਲਦਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਹੀ ਅਸਲ ਪੰਜਾਬ ਦੀ ਅਵਾਜ਼ ਹੈ । ਉਹਨਾਂ ਕਿਹਾ ਕਿ ਦੂਸਰੇ ਪਾਸੇ ਉਹ ਲੀਡਰ ਵੀ ਨੇ ਜਿਹੜੇ ਜੈੱਡ ਸੁਰੱਖਿਆ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਦੇ । ਇੱਥੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂਆਂ ਨੇ ਮਹਿਸੂਸ ਕੀਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਤੇ ਪੀ.ਪੀ.ਪੀ. ਦਾ ਰਾਜ ਹੋਵੇਗਾ ।
Post a Comment