ਸ੍ਰੀ ਮੁਕਤਸਰ ਸਾਹਿਬ, 12 ਫਰਵਰੀ /ਸਫਲਸੋਚ/ ਸਬ ਜ਼ੇਲ੍ਹ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਸਕੱਤਰ ਸ੍ਰੀ ਦਲਜੀਤ ਸਿੰਘ ਰਲਹਨ ਦੀ ਰਹਿਨੁਮਾਈ ਹੇਠ ਕਾਨੂੰਨੀ ਸਾਖ਼ਰਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ੇਲ੍ਹ ਸੁਪਰਡੈਂਟ ਸ: ਸ਼ਿਵਰਾਜ ਸਿੰਘ ਨੰਦਗੜ੍ਹ, ਐਡਵੋਕੇਟ ਕਰਨਜੀਤ ਸਿੰਘ ਸੰਮੇਵਾਲੀ, ਐਡਵੋਕੇਟ ਰਾਜਿੰਦਰ ਕੁਮਾਰ ਨੇ ਬੰਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਉੁਦੇਸ਼ ਹੈ ਕਿ ਕੋਈ ਵੀ ਵਿਅਕਤੀ ਕਾਨੂੰਨੀ ਸਹਾਇਤਾਂ ਤੋਂ ਵਾਂਝਾ ਨਾ ਰਹੇ। ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਐਸ.ਸੀ., ਅੰਗਹੀਣ, ਔਰਤਾਂ, ਬੱਚੇ, ਬੇਗਾਰ ਦੇ ਮਾਰੇ, ਹਿਰਾਸਤੀ ਕੈਦੀ ਆਦਿ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਇਸ ਤਹਿਤ ਸਰਕਾਰੀ ਤੌਰ ਤੇ ਵਕੀਲ ਉਪਲਬੱਧ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਵਾਲੇ ਲਾਭਪਾਤਰੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਰਕਾਰੀ ਤੌਰ ਤੇ ਉਪਲਬੱਧ ਕਰਵਾਇਆ ਵਕੀਲ ਉਸਦੀ ਪੈਰਵੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਕੀਲ ਨੂੰ ਬਕਾਇਦਾ ਤੌਰ ਤੇ ਫੀਸ ਅਦਾ ਕੀਤੀ ਜਾਂਦੀ ਹੈ। ਇਸ ਮੌਕੇ ਬੰਦੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
Post a Comment