ਮਾਨਸਾ, 12 ਫਰਵਰੀ/ਸਫਲਸੋਚ/ਜ਼ਿਲ੍ਹਾ ਪੁਲੀਸ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾਂ ਵਿਰੁੱਧ ਵਿਢੀ ਗਈ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ, ਜਦੋਂ ਭੁੱਕੀ ਚੂਰਾ-ਪੋਸਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਇਕ ਵੱਖਰੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਜੇਲ੍ਹ ਵਿਚੋਂ ਵੀ ਇਕ ਕੈਦੀ ਅਤੇ ਦੋ ਹਵਾਲਾਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਥਾਣਾ ਬੋਹਾ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁੱਲ ਡਰੇਨ ਬੋਹਾ ਨੇੜੇ ਨਛੱਤਰ ਸਿੰਘ ਉਰਫ਼ ਖੱਡੂ ਪੁੱਤਰ ਕਰਤਾਰ ਸਿੰਘ, ਹਾਕਮ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀਅਨ ਭਾਦੜਾ ਅਤੇ ਪੂਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬੋਹਾ ਨੂੰ ਸ਼ੱਕ ਦੀ ਬਿਨਾਹ 'ਤੇ ਕਾਬੂ ਕਰਕੇ 11 ਕਿਲੋਗ੍ਰਾਮ ਭੁੱਕੀ ਚੂਰਾ-ਪੋਸਤ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਖ਼ਿਲਾਫ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15/61/85 ਤਹਿਤ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਭੁੱਕੀ ਚੂਰਾ-ਪੋਸਤ ਹਰਿਆਣਾ ਪ੍ਰਾਂਤ ਵਿੱਚੋਂ 800 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਏ ਸਨ ਤੇ ਅੱਗੇ ਨਸ਼ੇੜੀਆਂ ਨੂੰ ਇਨ੍ਹਾਂ ਨੇ ਮਹਿੰਗੇ ਭਾਅ ਵੇਚਣੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਡਾ. ਭਾਰਗਵ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕੈਦੀ ਭੂਰਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਖੋ ਕਲਾਂ ਹਾਲ ਆਬਾਦ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਅੰਦਰ ਤਲਾਸ਼ੀ ਕਰਨ 'ਤੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਇਸ ਕੈਦੀ ਖਿਲਾਫ਼ ਜੇਲ੍ਹ ਸੁਪਰਡੈਂਟ ਦੇ ਪੱਤਰ 'ਤੇ ਥਾਣਾ ਸਦਰ ਮਾਨਸਾ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਵੱਲੋਂ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22/61/85 ਤਹਿਤ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।ਐਸ.ਐਸ.ਪੀ. ਨੇ ਕਿਹਾ ਕਿ ਹਵਾਲਾਤੀ ਪਿਰਥੀ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਧਰਮਗੜ੍ਹ (ਸੰਗਰੂਰ) ਅਤੇ ਹਵਾਲਾਤੀ ਲਾਭ ਸਿੰਘ ਉਰਫ਼ ਲਾਭਾ ਪੁੱਤਰ ਰੁਲਦੂ ਸਿੰਘ ਵਾਸੀ ਮਾਨਸਾ ਦੀ ਜੇਲ੍ਹ ਅੰਦਰ ਤਲਾਸ਼ੀ ਕਰਨ 'ਤੇ ਉਨ੍ਹਾਂ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਜੇਲ੍ਹ ਸੁਪਰਡੈਂਟ ਦੇ ਪੱਤਰ 'ਤੇ ਥਾਣਾ ਸਦਰ ਮਾਨਸਾ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਵੱਲੋਂ ਇਨ੍ਹਾਂ ਦੋਹਾਂ ਹਵਾਲਾਤੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22/61/85 ਤਹਿਤ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਡਾ. ਭਾਰਗਵ ਨੇ ਕਿਹਾ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਅਤੇ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ।
Post a Comment