ਸ੍ਰੀ ਮੁਕਤਸਰ ਸਾਹਿਬ, 6 ਫਰਵਰੀ ( )ਜ਼ਿਲ੍ਹਾ ਸਲਾਹਕਾਰ ਕਮੇਟੀ ਦੀ 67ਵੀਂ ਬੈਠਕ ਦੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੀ ਬੈਂਕਾਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਤੀਜੀ ਤਿਮਾਹੀ ਦੌਰਾਨ ਜ਼ਿਲ੍ਹੇ ਦੇ ਬੈਂਕਾਂ ਨੇ ਪ੍ਰਾਥਮਿਕ ਸੈਕਟਰ ਨੂੰ ਕਰਜ ਵੰਡਨ ਵਿਚ 104 ਫੀਸਦੀ ਕੰਮ ਕੀਤਾ ਹੈ। ਬੈਂਕਾਂ ਨੇ ਇਸ ਤਿਮਾਹੀ ਦੌਰਾਨ ਕੁੱਲ 1558 ਕਰੋੜ ਰੁਪਏ ਦੇ ਕਰਜ ਵੰਡੇ ਹਨ ਜ਼ਿਨ੍ਹਾਂ ਵਿਚ 102 ਕਰੋੜ ਦੇ ਗੈਰ ਪ੍ਰਥਾਮਿਕ ਖੇਤਰ ਨੂੰ ਦਿੱਤੇ ਕਰਜੇ ਵੀ ਸ਼ਾਮਿਲ ਹਨ। ਸਭ ਤੋਂ ਵੱਧ ਜੋਰ ਖੇਤੀ ਸੈਕਟਰ ਤੇ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ 1225 ਕਰੋੜ ਦੇ ਕਰਜ ਤਕਸੀਮ ਕੀਤੇ ਗਏ ਹਨ। ਬੈਂਕਾਂ ਵੱਲੋਂ 8477 ਨਵੇਂ ਕਿਸਾਨ ਕਰੈਡਿਟ ਕਾਰਡ ਤਕਸੀਮ ਕੀਤੇ ਗਏ ਹਨ ਜਿਨ੍ਹਾਂ ਰਾਹੀਂ 22934 ਲੱਖ ਦਾ ਕਰਜ ਕਿਸਾਨਾਂ ਨੂੰ ਉਪਲਬੱਧ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਮੇਂ ਕੁੱਲ 108655 ਕਿਸਾਨਾਂ ਨੂੰ ਕਰੈਡਿਟ ਕਾਰਡ ਦੀ ਸਹੁਲਤ ਉਪਲਬੱਧ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਬੈਂਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸਾਨ ਕਰੈਡਿਟ ਕਾਰਡ ਧਾਰਕ ਕਿਸਾਨਾਂ ਨੂੰ ਏ.ਟੀ.ਐਮ. ਕਾਰਡ ਵੀ ਉਪਲਬੱਧ ਕਰਵਾਏ ਜਾਣ। ਇਸ ਮੌਕੇ ਨਾਬਾਰਡ, ਦਿਹਾਤੀ ਵਿਕਾਸ ਏਂਜਸੀ, ਡੇਅਰੀ ਵਿਕਾਸ, ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ, ਉਦਯੋਗ ਵਿਭਾਗ ਆਦਿ ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ ਗਈ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਸਖ਼ਤ ਹਦਾਇਤ ਕੀਤੀ ਕਿ ਬੈਂਕਾਂ ਇਹ ਯਕੀਨੀ ਬਣਾਉਣ ਕੇ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹਰ ਪਰਿਵਾਰ ਦਾ ਘੱਟੋ ਘੱਟ ਇਕ ਬੈਂਕ ਖਾਤਾ ਲਾਜ਼ਮੀ ਹੋਵੇ ਅਤੇ ਜ਼ਿਨ੍ਹਾਂ ਪਰਿਵਾਰਾਂ ਦੇ ਕਿਸੇ ਵੀ ਬੈਂਕ ਵਿਚ ਕੋਈ ਖਾਤਾ ਨਹੀਂ ਉਨ੍ਹਾਂ ਦੇ 20 ਫਰਵਰੀ ਤੱਕ ਖਾਤੇ ਖੋਲ੍ਹੇ ਜਾਣ। ਇਸੇ ਤਰਾਂ ਅਧਾਰ ਕਾਰਡ ਬਣਾਉਣ ਦੇ ਕੰਮ ਨੂੰ ਵੀ ਤੇਜ ਕਰਨ ਦੀ ਹਦਾਇਤ ਦਿੰਦਿਆਂ ਉਨ੍ਹਾਂ ਜ਼ਿਨ੍ਹਾਂ ਲੋਕਾਂ ਦੇ ਅਧਾਰ ਕਾਰਡ ਬਣ ਗਏ ਹਨ, ਨੂੰ ਹਦਾਇਤ ਕੀਤੀ ਕਿ ਉਹ ਆਪਣਾ ਅਧਾਰ ਕਾਰਡ ਦੇ ਨੰਬਰ ਦੀ ਸੂਚਨਾ ਆਪਣੇ ਬੈਂਕ ਨੂੰ ਪੁੱਜਦੀ ਕਰਨ ਜਿੱਥੇ ਉਨ੍ਹਾਂ ਦਾ ਬੈਂਕ ਖਾਤਾ ਹੈ।
ਇਸ ਮੌਕੇ ਐਸ.ਐਸ.ਪੀ. ਸ: ਸੁਰਜੀਤ ਸਿੰਘ ਨੇ ਸਾਰੇ ਬੈਂਕਾਂ ਨੂੰ ਹਦਾਇਤ ਕੀਤੀ ਉਹ ਬੈਂਕਾਂ ਦੀ ਸੁਰੱਖਿਆ ਯਕੀਨੀ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਐਨ.ਐਸ.ਬਾਠ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਕੰਮ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਏ.ਸੀ.ਯੂ.ਟੀ. ਸ੍ਰੀ ਕੇ.ਐਸ. ਰਾਜ, ਸ: ਮਲਕੀਤ ਸਿੰਘ ਐਲ.ਡੀ.ਓ. ਆਰ.ਬੀ.ਆਈ., ਸ੍ਰੀ ਬੀ.ਐਸ. ਪਵਾਰ ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਸ੍ਰੀ ਪਰਮਜੀਤ ਡਿਪਟੀ ਐਲ.ਡੀ.ਐਮ. ਆਦਿ ਵੀ ਹਾਜਰ ਸਨ।


Post a Comment