ਲੁਧਿਆਣਾ, 12 ਫਰਵਰੀ (ਸਤਪਾਲ ਸੋਨ9) ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀਆ ਗਈਆ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ-ਕਾਲਜਾਂ ਵਿੱਚ ਲੀਗਲ ਏਡ ਕਲੀਨਿਕ ਖੋਹਲੇ ਜਾ ਰਹੇ ਹਨ, ਤਾਂ ਜੋ ਲੋਕ ਇਹਨਾਂ ਕਲੀਨਿਕਾਂ ਤੋਂ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਲਾਭ ਉਠਾ ਸਕਣ। ਇਹ ਪ੍ਰਗਟਾਵਾ ਸ੍ਰੀ ਗੋਬਿੰਦਰ ਸਿੰਘ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਅੱਜ ਮਿੰਨੀ ਸਕੱਤਰੇਤ ਸਥਿਤ ਕਮਿਊਨਿਟੀ ਪੋਲਿਸਿੰਗ ਰਿਸੋਰਸ ਸੈਂਟਰ ਵਿਖੇ ਫਰੰਟ ਆਫਿਸ-ਕਮ-ਲੀਗਲ ਏਡ ਕਲੀਨਿਕ ਦਾ ਉਦਘਾਟਨ ਕਰਨ ਸਮੇ ਕੀਤਾ। ਇਸ ਮੌਕੇ ‘ਤੇ ਉਹਨਾਂ ਨਾਲ ਸ੍ਰੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਅਤੇ ਸ੍ਰੀ ਕੇ.ਕੇ.ਸਿੰਗਲਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਲੁਧਿਆਣਾ ਵੀ ਮੌਜ਼ੂਦ ਸਨ। ਜਿਲਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਇਹਨਾਂ ਲੀਗਲ ਏਡ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ•ਾਂ ਦੇ ਹੱਕਾਂ ਅਤੇ ਕਾਨੂੰਨੀ ਮੁਸ਼ਕਲਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਹ ਕਲੀਨਿਕ ਆਮ ਲੋਕਾਂ ਲਈ ਲਾਹੇਬੰਦ ਸਾਬਤ ਹੋ ਰਹੇ ਹਨ। ਉਹਨਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਗਰੀਬ ਵਿਅਕਤੀਆਂ ਦੀ ਸਹਾਇਤਾ ਲਈ ਚਲਾਈਆ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੇ ਮੈਂਬਰ, ਵੱਡੀ ਮੁਸੀਬਤ/ਕੁਦਰਤੀ ਆਫਤਾਂ ਦੇ ਮਾਰੇ, ਬੇਗਾਰ ਦਾ ਮਾਰਿਆ, ਉਦਯੋਗਿਕ ਕਾਮੇ, ਹਿਰਾਸਤ ਵਿੱਚ ਇਸਤਰੀ/ਬੱਚਾ, ਮਾਨਸਿਕ ਰੋਗੀ/ਅਪੰਗ ਅਤੇ ਕੋਈ ਐਸਾ ਵਿਅਕਤੀ ਜਿਸ ਦੀ ਸਲਾਨਾ ਆਮਦਨ 1 ਲੱਖ ਰੁਪਏ ਤੋ ਘੱਟ ਹੋਵੇ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਹਨ। ਉਹਨਾਂ ਦੱਸਿਆ ਕਿ ਉਪ-ਮੰਡਲ, ਜਿਲਾ ਜਾਂ ਹਾਈਕੋਰਟ-ਸੁਪਰੀਮ ਕੋਰਟ ਪੱਧਰ ਤੇ ਦੀਵਾਨੀ, ਫੌਜ਼ਦਾਰੀ ਅਤੇ ਮਾਲ ਦੀਆਂ ਕਚਹਿਰੀਆਂ ਵਕੀਲ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ-ਮਸ਼ਵਰਾ, ਕੋਰਟ ਫੀਸ, ਤਲਬਾਨਾ ਫੀਸ, ਗਵਾਹਾਂ ਦੇ ਖਰਚਿਆਂ, ਵਕੀਲ ਦੀ ਫੀਸ ਅਤੇ ਮੁਕੱਦਮੇ ਬਾਬਤ ਹੋਰ ਫੁੱਟਕਲ ਖਰਚਿਆਂ ਦੀ ਸਰਕਾਰ ਵੱਲੋਂ ਅਦਾਇਗੀ, ਰਾਜੀ-ਨਾਮਾ ਕੇਂਦਰ ਅਤੇ ਲੋਕ ਅਦਾਲਤਾਂ ਰਾਹੀ ਵਿਵਾਦਾਂ ਦਾ ਨਿਪਟਾਰਾ, ਹਰ ਹਵਾਲਾਤੀ/ਮੁਜਰਿਮ ਨੂੰ ਰਿਮਾਂਡ ਦੌਰਾਨ ਵਕੀਲ ਦੀਆਂ ਮੁਫ਼ਤ ਸੇਵਾਵਾਂ ਆਦਿ ਮੁਫਤ ਕਾਨੂੰਨੀ ਸੇਵਾਵਾਂ ਅਧੀਨ ਮਿਲਦੀਆਂ ਹਨ। ਬਾਅਦ ਵਿੱਚ ਸ੍ਰੀ ਗੋਬਿੰਦਰ ਸਿੰਘ ਨੇ ਕਾਨਫਰੰਸ ਰੂਮ ਵਿੱਚ ਇੱਕਤਰ ਹੋਏ ਸਾਂਝ ਕੇਂਦਰਾਂ ਦੇ ਇੰਚਾਰਜ਼ਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਦਫਤਰ ਵਿੱਚ ਲੀਗਲ ਏਡ ਖੋਲਣ ‘ਤੇ ਸ੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕਿ ਕਮਿਸ਼ਨਰ ਦਫਤਰ ਦੇ ਨਜ਼ਦੀਕ ਲੀਗਲ ਏਡ ਕਲੀਨਿਕ ਖੋਲਣਾ ਸਮੇਂ ਦੀ ਮੁੱਖ ਲੋੜ ਸੀ, ਕਿਉਂਕਿ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਦੇ ਹੱਲ ਲਹੀ ਸਭ ਤੋਂ ਪਹਿਲਾਂ ਪੁਲਿਸ ਵਿਭਾਗ ਤੱਕ ਪਹੁੰਚ ਕਰਦਾ ਹੈ ਅਤੇ ਇਸ ਪੜਾਅ ਤੇ ਹੀ ਉਸ ਨੂੰ ਯੋਗ ਅਗਵਾਈ ਦੀ ਲੋੜ ਹੁੰਦੀ ਹੈ। ਉਹਨਾਂ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਆਪਣੀ ਸੇਵਾ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਮਾਣ-ਸਨਮਾਨ ਵਿੱਚ ਵਾਧਾ ਹੁੰਦਾ ਹੈ ਉਥੇ ਮਨ ਨੂੰ ਸਤੁੰਸ਼ਟੀ ਵੀ ਮਿਲਦੀ ਹੈ। ਸ੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ ਨੇ ਲੀਗਲ ਏਡ ਕਲੀਨਿਕ ਖੋਲਣ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਧੰਨਵਾਦ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਦੀ ਜਾਣਕਾਰੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਕਮਿਊਨਿਟੀ ਪੋਲਿਸਿੰਗ ਰਿਸੋਰਸ ਸੈਂਟਰ ਵਿਖੇ ਕਾਨੂੰਨੀ ਸਹਾਇਤਾ ਕਲੀਨਿਕ ਖੋਲਣ ਨਾਲ ਲੋਕਾਂ ਦੀਆਂ ਵਿਆਹ-ਸ਼ਾਦੀ ਆਦਿ ਝਗੜਿਆਂ ਸਬੰਧੀ ਕਈ ਸਮੱਸਿਆਵਾਂ ਦਾ ਇੱਕੋ ਸਮੇਂ ਹੱਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਸਾਝ ਕੇਂਦਰਾਂ ਰਾਹੀਂ ਆਮ ਲੋਕਾਂ ਨੁੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸ੍ਰੀ ਗੋਬਿੰਦਰ ਸਿੰਘ ਜਿਲਾ ਅਤੇ ਸੈਸ਼ਨ ਜੱਜ ਕਮਿਊਨਿਟੀ ਪੋਲਿਸਿੰਗ ਰਿਸੋਰਸ ਸੈਂਟਰ ਵਿਖੇ ਫਰੰਟ ਆਫਿਸ-ਕਮ-ਲੀਗਲ ਏਡ ਕਲੀਨਿਕ ਦਾ ਉਦਘਾਟਨ ਕਰਦੇ ਹੋਏ। ਤਸਵੀਰ ਵਿੱਚ ਸ੍ਰੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਅਤੇ ਸ੍ਰੀ ਕੇ.ਕੇ.ਸਿੰਗਲਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੀ ਵਿਖਾਈ ਦੇ ਰਹੇ ਹਨ।
Post a Comment