ਸ੍ਰੀ ਮੁਕਤਸਰ ਸਾਹਿਬ, 5 ਫਰਵਰੀ ( ਸਫਲਸੋਚ):ਛੇਵੀਂ ਆਰਥਿਕ ਜਨਗਣਨਾ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਚੱਲ ਰਹੇ ਕੰਮ ਦੀ ਸਮੀਖਿਆ ਅੱਜ ਡਿਪਟੀ ਕਮਿਸ਼ਨਰ‑ਕਮ‑ਕਮਿਸ਼ਨਰ ਜਨਗਣਨਾ ਸ੍ਰੀ ਪਰਮਜੀਤ ਸਿੰਘ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਗਣਨਾ ਦੇ ਕੰਮ ਵਿਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਗਣਨਾ ਦਾ ਕੰਮ ਪੂਰੀ ਤਨਦੇਹੀ ਨਾਲ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਇਹ ਗਣਨਾ 16 ਜਨਵਰੀ ਨੂੰ ਸ਼ੁਰੁ ਹੋਈ ਸੀ ਅਤੇ 16 ਫਰਵਰੀ ਤੱਕ ਚੱਲਣੀ ਹੈ। ਉਨ੍ਹਾਂ ਸ਼ਖਤ ਤਾੜਨਾ ਕੀਤੀ ਕਿ ਇਸ ਕੰਮ ਵਿਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਕੁਤਾਹੀ ਕਰਦਾ ਪਾਇਆ ਗਿਆ ਤਾਂ ਅਜਿਹੇ ਅਧਿਕਾਰੀ/ਕਰਮਚਾਰੀ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਫਾਰਮਾਂ ਵਿਚ ਰਿਕਾਰਡ ਦਰਜ਼ ਕਰਦੇ ਸਮੇਂ ਪੂਰਾ ਖਿਆਲ ਰੱਖਿਆ ਜਾਵੇ ਅਤੇ ਸਹੀ ਸਹੀ ਸੂਚਨਾ ਇੱਕਤਰ ਕੀਤੀ ਜਾਵੇ ਕਿਉਂਕਿ ਇਸ ਸਰਵੇਖਣ ਦੌਰਾਨ ਇੱਕਤਰ ਆਂਕੜਿਆਂ ਅਨੁਸਾਰ ਹੀ ਰਾਜ ਦੀ ਅਗਲੀ ਆਰਥਿਕ ਯੋਜਨਾਬੰਦੀ ਉਲੀਕੀ ਜਾਣੀ ਹੈ। ਉਨ੍ਹਾਂ ਕਿਹਾ ਕਿ ਗਣਨਾ ਦੇ ਅੰਤ ਦੇ ਗਿਣਤੀ ਕਾਰ ਅਤੇ ਸੁਪਰਾਵਾਈਜਰ ਇਹ ਸਰਟੀਫਿਕੇਟ ਦੇਣਗੇ ਕਿ ਉਨ੍ਹਾਂ ਦੇ ਖੇਤਰ ਵਿਚ ਕੋਈ ਵੀ ਘਰ ਜਾਂ ਅਦਾਰਾ ਸਰਵੇਖਣ ਤੋਂ ਵਾਂਝਾ ਨਹੀਂ ਰਿਹਾ ਅਤੇ ਨਾ ਹੀ ਕਿਸੇ ਦੀ ਦੋਵਾਰ ਗਿਣਤੀ ਹੋਈ ਹੈ। ਉਨ੍ਹਾਂ ਚਾਰਜ ਅਫ਼ਸਰਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਉਹ ਆਰਥਿਕ ਗਣਨਾ ਦੇ ਚੱਲ ਰਹੇ ਕੰਮ ਦੀ ਨਿੱਜੀ ਤੌਰ ਤੇ ਸਮੀਖਿਆ ਅਤੇ ਅਚਨਚੇਤੀ ਪੜਤਾਲ ਕਰਦੇ ਰਹਿਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨੂੰ ਸਹੀ ਅਤੇ ਸੱਚੀ ਸੂਚਨਾ ਦੇਣ।
ਇਸ ਮੌਕੇ ਸਹਾਇਕ ਜਨਗਣਨਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਚਟਾਣੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1573 ਪਾਪੂਲੇਸ਼ਨ ਬਲਾਕਾਂ ਵਿਚ ਕੰਮ ਚੱਲ ਰਿਹਾ ਹੈ ਜਿੱਥੇ 524 ਗਿਣਤੀਕਾਰ ਅਤੇ 267 ਸੁਪਰਾਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਸੇ ਤਰਾਂ ਚਾਰ ਸ਼ਹਿਰੀ ਅਤੇ ਤਿੰਨ ਦਿਹਾਤੀ ਖੇਤਰਾਂ ਸਮੇਤ ਕੁੱਲ 7 ਚਾਰਜ ਅਫ਼ਸਰ ਤਾਇਨਾਤ ਕੀਤੇ ਗਏ ਹਨ। ਬੈਠਕ ਵਿਚ ਤਹਿਸੀਲਦਾਰ ਸ੍ਰੀ ਰਵਿੰਦਰ ਬਾਂਸਲ, ਸ੍ਰੀ ਰਮੇਸ਼ ਜੈਨ, ਈ.ਓ. ਸ: ਜਗਸੀਰ ਸਿੰਘ ਅਤੇ ਗੁਰਸੇਵਕ ਸਿੰਘ ਵੀ ਹਾਜਰ ਸਨ।
ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ।
Post a Comment