ਬੱਧਨੀ ਕਲਾਂ 5 ਫਰਵਰੀ ( ਚਮਕੌਰ ਲੋਪੋਂ ) ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਇੱਕ ਪਤਨੀ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਅਪਣੇ ਹੀ ਪਤੀ ਨੂੰ ਕਤਲ ਕੀਤੇ ਜਾਣ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਥਾਣਾ ਨਿਹਾਲ ਸਿੰਘ ਵਾਲਾ ਦੇ ਪੁਲਿਸ ਸੂਤਰਾਂ ਅਨੁਸਾਰ ਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਾਗੀਕੇ ਕਰੀਬ ਚਾਰ ਸਾਲਾਂ ਤੋਂ ਲਾਪਤਾ ਸੀ। ਜਿਸ ਦੀ ਲੰਬੀ ਭਾਲ ਤੋਂ ਬਾਅਦ ਕਰਨੈਲ ਸਿੰਘ ਭਾਗੀਕੇ ਵੱਲੋਂ ਅਪਣੇ ਪੁੱਤਰ ਦੀ ਤਲਾਸ ਲਈ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਵਿਚ ਪੀੜਤ ਕਰਨੈਲ ਸਿੰਘ ਵੱਲੋਂ ਆਪਣੀ ਨੂੰਹ ਚਰਨਜੀਤ ਕੌਰ ਪਤਨੀ ਗੁੰਮਸ਼ੁਦਾ ਪਾਲ ਸਿੰਘ ਦੇ ਚਰਿੱਤਰ ਤੇ ਸ਼ੱਕ ਹੋਣ ਕਰਕੇ ਇੱਕ ਹਰਦੇਵ ਸਿੰਘ ਵਾਸੀ ਭਾਗੀਕੇ ਨਾਮ ਦੇ ਵਿਅਕਤੀ ਖਿਲਾਫ ਨਜਾਇਜ਼ ਸਬੰਧਾਂ ਦੇ ਦੋਸ਼ ਲਗਾਏ ਗਏ ਸਨ। ਜਿਸ ਤੇ ਚੱਲਦਿਆਂ ਪੁਲਿਸ ਵੱਲੋਂ ਚਰਨਜੀਤ ਕੌਰ ਅਤੇ ਉਸਦੇ ਸਾਥੀ ਹਰਦੇਵ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਦੋਨ•ਾਂ ਦੋਸ਼ੀਆਂ ਦੇ ਪੁਲਿਸ ਰਿਮਾਂਡ ਉਪਰੰਤ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਚਰਨਜੀਤ ਕੌਰ ਨੇ ਆਪਣੇ ਸਾਥੀ ਹਰਦੇਵ ਸਿੰਘ ਨਾਲ ਮਿਲ ਕੇ ਆਪਣੇ ਪਤੀ ਪਾਲ ਸਿੰਘ ਨੂੰ ਜਾਨੋ ਮਾਰ ਕੇ ਪਿੰਡ ਦੇ ਇੱਕ ਛੱਪੜ ਕਿਨਾਰੇ ਲਾਸ਼ ਨੂੰ ਦੱਬ ਦਿੱਤਾ ਗਿਆ ਸੀ। ਜਿੱਥੋ ਕਿ ਥਾਣਾ ਮੁਖੀ ਰਛਪਾਲ ਸਿੰਘ ਸੰਧੂ ਅਤੇ ਪੁਲਿਸ ਪਾਰਟੀ ਵੱਲੋਂ ਤਹਿਸੀਲਦਾਰ ਆਤਮਾ ਸਿੰਘ ਦੀ ਹਾਜ਼ਰੀ ਵਿਚ ਲਾਸ਼ ਦੇ ਕੁਝ ਹਿੱਸੇ ਬਰਾਮਦ ਕਰ ਲਏ ਗਏ। ਨਰੇਗਾ ਮਜ਼ਦੂਰਾਂ ਵੱਲੋਂ ਛੱਪੜ ਦੀ ਖੁਦਾਈ ਕੀਤੇ ਜਾਣ ਕਰਕੇ ਬੇਸ਼ੱਕ ਮ੍ਰਿਤਕ ਦਾ ਪੂਰਾ ਪਿੰਜਰ ਬਰਾਮਦ ਨਹੀਂ ਹੋ ਸਕਿਆ ਪ੍ਰੰਤੂ ਘਟਨਾ ਸਥਾਨ ਤੋਂ ਮ੍ਰਿਤਕ ਦਾ ਕੜਾ, ਸਾਫਾ, ਕੁਝ ਹੱਡੀਆਂ ਅਤੇ ਦੰਦ ਬਰਾਮਦ ਕੀਤੇ ਗਏ। ਜਿਸ ਦੌਰਾਨ ਸ਼ਿਕਾਇਤ ਕਰਤਾ ਪੀੜਤ ਕਰਨੈਲ ਸਿੰਘ ਅਤੇ ਉਸਦੇ ਦੂਸਰੇ ਬੇਟੇ ਮੰਗਲ ਸਿੰਘ ਵੱਲੋਂ ਮ੍ਰਿਤਕ ਦੇ ਕੜੇ ਅਤੇ ਸਾਫੇ ਦੀ ਪਹਿਚਾਣ ਕੀਤੀ ਗਈ। ਉਕਤ ਕੇਸ ਦੀ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਹੋਰ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Post a Comment