ਫਿਰੋਜ਼ਪੁਰ 23 ਫਰਵਰੀ 2013 (ਸਫਲਸੋਚ ) ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਇਤਿਹਾਸ ਮਹੱਤਤਾ ਵਾਲੀਆਂ ਥਾਂਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਸੈਲਾਨੀਆਂ ਨੂੰ ਇਨ੍ਹਾਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸਥਾਨਾਂ ਲਈ ਆਕਰਸ਼ਿਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਸ੍ਰੀ ਵੀ.ਬੀ.ਕੁਮਾਰ ਕਾਰਜਕਾਰੀ ਡਾਇਰੈਕਟਰ ਸੈਰ ਸਪਾਟਾ ਤੇ ਵਿਰਾਸਤ ਵਿਭਾਗ ਪੰਜਾਬ ਨੇ ਜ਼ਿਲ੍ਹੇ ਦੇ ਵੱਖ-ਵੱਖ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਦਾ ਦੌਰਾ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਟੀਮ ਵੱਲੋਂ ਸ਼ਹੀਦੀ ਸਮਾਰਕ ਹੂਸੈਨੀਵਾਲਾ, ਦਰਿਆ ਸਤੱਲੁਜ ਦੇ ਕੰਢੇ ਤੇ ਬਣੇ ਨਹਿਰੀ ਵਿਸ਼ਰਾਮ ਘਰ, ਇਤਿਹਾਸਕ ਗੁਰਦੁਆਰਾ ਸਾਰਾ ਗੜ੍ਹੀ , ਫਿਰੋਜ਼ਪੁਰ ਸ਼ਹਿਰ ਦੇ ਪੁਰਾਤਨ ਗੇਟ, ਮਿਸ਼ਰੀ ਵਾਲਾ, ਅਗਰੇਜਾਂ ਤੇ ਸਿੱਖਾ ਦੀ ਲੜਾਈ ਦੀ ਯਾਦ ਵਿਚ ਫਿਰੋਜ਼ਸ਼ਾਹ ਵਿਖੇ ਬਣੇ ਵਾਰ ਮੈਮੋਰੀਅਲ ਤੇ ਮੁੱਦਕੀ ਆਦਿ ਇਤਿਹਾਸਿਕ ਮਹੱਤਤਾ ਵਾਲੀਆਂ ਥਾਂਵਾਂ ਦਾ ਦੌਰਾ ਕੀਤਾ।ਸ੍ਰੀ ਵੀ.ਬੀ.ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮਨੋਰਥ ਇਨ੍ਹਾਂ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਥਾਂਵਾਂ ਪ੍ਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਂਵਾਂ ਤੇ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਟਰਾਂਸਪੋਰਟ, ਕੈਨਟੀਨ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਫੰਡਜ਼ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੀ ਕੇ ਵੈਂਟ ਲੈਂਡ ਨੂੰ ਵੀ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ।ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸੈਲਾਨੀਆਂ ਦੀ ਮੱਦਦ ਲਈ ਜਲਦੀ ਹੀ ਸੈਰ ਸਪਾਟਾ ਵਿਭਾਗ ਵੱਲੋਂ ਸੂਚਨਾ ਕੇਂਦਰ ਖੋਲਿਆ ਜਾਵੇਗਾ, ਜਿਥੇ ਸੈਲਾਨੀਆਂ ਨੂੰ ਇਤਿਹਾਸਕ ਮਹੱਤਤਾ ਵਾਲੀਆਂ ਥਾਂਵਾਂ ਪ੍ਰਤੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਦਿਖ ਸੰਵਾਰਨ ਲਈ ਸਾਰੇ ਚੌਕਾਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਨੂੰ ਅੰਤਰ ਰਾਸ਼ਟਰੀ ਨਕਸ਼ੇ ਤੇ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ.ਪ੍ਰੀਤਮ ਸਿੰਘ ਜੋਹਲ, ਸ:ਗੁਰਮੀਤ ਸਿੰਘ ਪੰਨੂ ਐਸ.ਡੀ.ਐਮ , ਸ੍ਰੀ ਸੰਜੀਵ ਤਿਵਾੜੀ ਡੀ.ਐਫ.ਓ, ਸ੍ਰੀ.ਮਨਜੀਤ ਸਿੰਘ ਤਹਿਸੀਲਦਾਰ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਹਾਜਰ ਸਨ।





Post a Comment