ਸਨੌਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ 27 ਫਰਵਰੀ ਨੂੰ ਮਾਡਲ ਸੁਵਿਧਾ ਕੈਂਪ ਲੱਗੇਗਾ: ਜੀ.ਕੇ. ਸਿੰਘ

Wednesday, January 30, 20130 comments


ਪਟਿਆਲਾ, 30 ਜਨਵਰੀ :/ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਸਨੌਰ ਦੇ ਸਰਵ ਪੱਖੀ ਵਿਕਾਸ ਲਈ ਇਸ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦੀ ਦਿੱਤੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਬਲਬੇੜਾ ਵਿੱਚ 20 ਏਕੜ ਰਕਬੇ ਵਿੱਚ ਨਵੀਂ ਅਨਾਜ ਮੰਡੀ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਸ਼ਾਮਲਾਟ ਜ਼ਮੀਨ ਲੈਣ ਲਈ ਤੁਰੰਤ ਕਾਰਵਾਈ ਆਰੰਭੀ ਜਾਵੇ । ਸ਼੍ਰੀ ਜੀ.ਕੇ. ਸਿੰਘ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਨੌਰ ਹਲਕੇ ਦੇ ਸਰਵ ਪੱਖੀ ਵਿਕਾਸ ਲਈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਇੰਚਾਰਜ ਸ. ਤਜਿੰਦਰਪਾਲ ਸਿੰਘ ਸੰਧੂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ । ਡਿਪਟੀ ਕਮਿਸ਼ਨਰ ਨੇ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਸਨੌਰ ਹਲਕੇ ਦੇ ਪਿੰਡਾਂ ਅਕੌਤ-ਅਸਮਾਨਪੁਰ ਵਿਖੇ ਉਦਯੋਗਿਕ ਫੋਕਲ ਪੁਆਇੰਟ ਲਈ ਰੱਖੀ 10 ਏਕੜ ਜਗ੍ਹਾ ’ਤੇ ਫੋਕਲ ਪੁਆਇੰਟ ਦੀ ਉਸਾਰੀ ਲਈ ਤੁਰੰਤ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਸਰਵੇਖਣ ਕਰਕੇ ਇਹ ਦੱਸਿਆ ਜਾਵੇ ਕਿ ਇਸ ਜ਼ਮੀਨ ’ਤੇ ਕਿਸ ਕਿਸਮ ਦੇ ਉਦਯੋਗ ਨੂੰ ਪ੍ਰਫੁਲਿਤ ਕੀਤਾ ਜਾ ਸਕਦਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਾਪਤ ਹੋ ਸਕਣ । ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਨ ਲਈ ਵੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ।  ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਸਨੌਰ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ 27 ਫਰਵਰੀ ਨੂੰ ਸਨੌਰ ਵਿਖੇ ਮਾਡਲ ਸੁਵਿਧਾ ਕੈਂਪ ਲਗਾਇਆ ਜਾਵੇ ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋ ਕੇ ਮੌਕੇ ’ਤੇ ਹੀ ਲੋਕਾਂ ਦੀਆਂ ਪੈਨਸ਼ਨਾਂ, ਰਾਸ਼ਨ ਕਾਰਡਾਂ ਤੇ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦਾ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣਗੇ । ਉਨ੍ਹਾਂ ਬਲਾਕ ਸਨੌਰ ਦੇ ਪਿੰਡ ਭੱਟੀਆਂ ਅਤੇ ਬਲਾਕ ਭੁਨਰਹੇੜੀ ਦੇ ਪਿੰਡ ਘੜਾਮ ਵਿਖੇ ਦੋ ਨਵੇਂ ਗਰਿੱਡ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਨਗਰ ਕੌਂਸਲ ਸਨੌਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਨੌਰ ਵਿਖੇ ਗਲੀਆਂ ਨਾਲੀਆਂ ਬਣਵਾਉਣ, ਸਟਰੀਟ ਲਾਈਟਾਂ ਲਗਾਉਣ, ਦੋ ਪਾਰਕ ਬਣਵਾਉਣ ਅਤੇ ਨਵੇਂ ਟਿਊਬਵੈਲ ਲਗਾਉਣ ਸਬੰਧੀ ਕੰਮ ਨੂੰ ਵੀ 31 ਮਾਰਚ ਤੱਕ ਮੁਕੰਮਲ ਕੀਤਾ ਜਾਵੇ ।           ਸ਼੍ਰੀ ਜੀ.ਕੇ. ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਣਜੀਤ ਨਗਰ ਅਤੇ ਅਲੀਪੁਰ ਅਰਾਈਆਂ ਵਿੱਚ ਸੜਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਸਬੰਧੀ ਕੰਮ ਤੁਰੰਤ ਮੁਕੰਮਲ ਕੀਤੇ ਜਾਣ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਸਥਿਤ ਸਾਕੇਤ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਨੂੰ ਅਪਗ੍ਰੇਡ ਕਰਕੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕੇਂਦਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ 150 ਬਿਸਤਰਿਆਂ ਦੀ ਵਿਵਸਥਾ ਹੋਵੇਗੀ ਜਿਸ ਤੋਂ ਬਾਅਦ ਹਲਕਾ ਸਨੌਰ ਦੇ ਦੂਧਨਸਾਧਾਂ ਬਲਾਕ ਵਿਖੇ ਵੀ ਇਸ ਕੇਂਦਰ ਦਾ ਸਬ-ਸੈਂਟਰ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਪਟਿਆਲਾ ਇੰਡਸਟਰੀਅਲ ਏਰੀਏ ਦੇ ਉਦਯੋਗਪਤੀਆਂ ’ਤੇ ਅਧਾਰਤ ਇੱਕ ਵੈਬਸਾਈਟ ਤਿਆਰ ਕੀਤੀ ਜਾਵੇ ਅਤੇ ਲੁਧਿਆਣਾ ਅਤੇ ਅੰਮ੍ਰਿਤਸਰ ਦੀ ਤਰਜ਼ ’ਤੇ ਪਟਿਆਲਾ ਵਿਖੇ ਵੀ ਉਦਯੋਗ ਮੇਲਾ ਲਗਾਉਣ ਦੀ ਯੋਜਨਾ ਬਣਾਈ ਜਾਵੇ ਤਾਂ ਜੋ ਪਟਿਆਲਾ ਵਿੱਚ ਵੀ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ । ਇਸ ਮੌਕੇ ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ, ਛੱਪੜਾਂ ’ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ, ਪਿੰਡਾਂ ਦਾ ਸਰਵ ਪੱਖੀ ਵਿਕਾਸ ਕਰਨ ਸਮੇਤ ਹੋਰ ਵੱਖ-ਵੱਖ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਹਲਕੇ ਦੇ ਬਹਾਦਰਗੜ੍ਹ ਤੱਕ ਪੈਂਦੇ ਪਿੰਡਾਂ ਦੇ ਸਰਵ ਪੱਖੀ ਵਿਕਾਸ ਲਈ ਨਗਰ ਨਿਗਮ ਦੀ ਹੱਦ ਬਹਾਦਰਗੜ੍ਹ ਤੱਕ ਕਰਨ ਲਈ ਇਸ ਖੇਤਰ ਵਿੱਚ ਪੈਂਦੇ ਪਿੰਡਾਂ ਤੋਂ ਮਤੇ ਪਾਸ ਕਰਵਾਏ ਜਾਣ । ਇਸ ਮੌਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਸਨੌਰ ਦੇ ਇੰਚਾਰਜ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਬ-ਤਹਿਸੀਲ ਸਨੌਰ ਦਾ ਰਕਬਾ 29,162 ਹੈਕਟੇਅਰ ਹੋਵੇਗਾ ਜਿਸ ਅਧੀਨ 111 ਪਿੰਡ ਅਤੇ ਦੋ ਕਾਨੂੰਗੋ ਹਲਕੇ ਸਨੌਰ ਅਤੇ ਭੁਨਰਹੇੜੀ ਪੈਣਗੇ। ਮੀਟਿੰਗ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਵਿਨੋਦ ਗਾਗਟ, ਜ਼ਿਲ੍ਹਾ ਮਾਲ ਅਫਸਰ ਸ. ਜਤਿੰਦਰ ਸਿੰਘ, ਜਿਲ੍ਹਾ ਸ਼ਿਕਾਇਤ ਨਿਵਾਰਨ ਅਫਸਰ ਸ਼੍ਰੀਮਤੀ ਇੰਦਰਵੀਰ ਕੌਰ ਮਾਨ, ਜ਼ਿਲ੍ਹਾ ਉਦਯੋਗ ਅਫਸਰ ਸ. ਰਾਮ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ. ਨਾਜਰ ਸਿੰਘ, ਜ਼ਿਲ੍ਹਾ ਮੰਡੀ ਅਫਸਰ ਸ. ਗੁਰਭਜਨ ਸਿੰਘ ਔਲਖ, ਸਿਹਤ ਅਧਿਕਾਰੀ ਡਾ. ਸੁਰਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger