ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿਚ ਪਾਰਟੀ ਨੂੰ ਮਿਲੀ ਇਤਹਾਸਕ ਜਿੱਤ ਨੂੰ ''ਖਾਲਸਾ ਪੰਥ ਦੀ ਜਿੱਤ'' ਕਰਾਰ ਦਿੱਤਾ

Wednesday, January 30, 20130 comments


ਚੰਡੀਗੜ੍ਹ 30 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਅਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿਚ ਪਾਰਟੀ ਨੂੰ ਮਿਲੀ ਇਤਹਾਸਕ ਜਿੱਤ ਨੂੰ ''ਖਾਲਸਾ ਪੰਥ ਦੀ ਜਿੱਤ'' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਸਮੁੱਚੀ ਅਕਾਲੀ ਲੀਡਰਸ਼ਿਪ ਵਿਚ ਸਿੱਖ ਸੰਗਤ ਪ੍ਰਤੀ ਨਿਰਮਾਣਤਾ ਅਤੇ ਜ਼ਿੰਮੇਦਾਰੀ ਦੀ ਭਾਵਨਾ ਵਧੀ ਹੈ।
''ਸਿੱਖ ਸੰਗਤ ਦੇ ਇਸ ਫ਼ਤਵੇ ਮਗਰੋਂ ਕਾਂਗਰਸ ਅਤੇ ਉਸ ਦੇ ਝੌਲੀਚੁੱਕਾਂ ਨੂੰ ਇਹ ਗੱਲ ਭਲੀਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀ ਕਰਦੇ'' ਸ ਬਾਦਲ ਨੇ ਕਿਹਾ ਕਿ ਜਿਸ ਪ੍ਰਕਾਰ ਸਮੁੱਚੀ ਦਿੱਲੀ ਸਰਕਾਰ ਅਤੇ ਕਾਂਗਰਸੀ ਲੀਡਰਾਂ ਜਿਵੇਂ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਅਮਰਿੰਦਰ ਸਿੰਘ ਨੇ ਸਰਨਾ ਭਰਾਵਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਉਸ ਮਗਰੋਂ ਸਿੱਖਾਂ ਦੇ ਮਨ੍ਹਾਂ ਵਿਚ ਇਹ ਗੱਲ ਮਜ਼ਬੂਤ ਹੋ ਚੁਕੀ ਸੀ ਕਿ ਲੜਾਈ ਖਾਲਸਾ ਪੰਥ ਅਤੇ ਕਾਂਗਰਸੀ ਪਿੱਠੂਆਂ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਇਸ ਮਗਰੋਂ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਯਕੀਨੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੌਣਾਂ ਵਿਚ ਮਿਲੀ ਹਾਰ ਮਗਰੋਂ ਕਾਂਗਰਸ ਦੇ ਕੌਮੀ ਲੀਡਰਾਂ ਨੂੰ ਵੀ ਸਬਕ ਸਿੱਖਣਾਂ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਮਿਲੇ ਇਸ ਇਤਿਹਾਸਕ ਫ਼ਤਵੇ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੁੱਲ ਦੁਨੀਆਂ ਵਿਚ ਸਿੱਖ ਕੌਂਮ ਦੀ ਸਿਆਸੀ ਤੇ ਧਾਰਮਿਕ ਅਗਵਾਈ ਕਰਨ ਵਾਲੀ ਸਿਰਮੌਰ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਮਿਲੀ ਇਤਿਹਾਸਕ ਜਿਤ ਨੇ ਸਾਫ ਕਰ ਦਿੱਤਾ ਹੈ ਕਿ ਸਿੱਖ ਸੰਗਤ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਨੂੰ ਮੁੰਹ ਨਹੀ ਲਗਾਉਦੇ।
ਸ ਬਾਦਲ ਨੇ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸਕ ਜਿਤ ਦਿਵਾਉਣ ਬਦਲੇ ਦਿੱਲੀ ਦੀ ਸਿੱਖ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਸਿੱਖ ਰਵਾਇਤਾਂ ਦਾ ਅਪਮਾਨ ਕਰਨ ਵਾਲਿਆਂ ਲਈ ਇਹ ਹਾਰ ਇਕ ਸਖਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਿੱਖ ਕਦੇ ਵੀ ਸਿੱਖ ਧਰਮ ਦਾ ਨਿਰਾਦਰ ਕਰਨ ਵਾਲੇ ਅਤੇ ਮਹਾਨ ਸਿੱਖ ਰਵਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਮਝੋਤਾ ਨਹੀ ਕਰਦੇ।
ਸ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਹਰ ਉਸ ਵਾਅਦੇ ਨੂੰ ਜੀਅ ਜਾਨ ਨਾਲ ਪੂਰਾ ਕਰੇਗਾ, ਜੋ ਵਾਅਦੇ ਉਨ੍ਹਾਂ ਨੇ ਚੋਣਾਂ ਦੌਰਾਨ ਦਿੱਲੀ ਦੀ ਸਿੱਖ ਸੰਗਤ ਨਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀ ਦਿੱਲੀ ਦੀ ਸਿੱਖ ਸੰਗਤ ਦੇ ਰਿਣੀ ਹਾਂ ਕਿ ਉਨ੍ਹਾਂ ਨੇ ਸਾਡੇ 'ਤੇ ਪੂਰਨ ਵਿਸ਼ਵਾਸ ਪ੍ਰਗਟਾਇਆ ਹੈ। ਗੁਰਦੁਆਰਿਆਂ ਦੀ ਸੇਵਾ ਸੰਭਾਲ ਉਨ੍ਹਾਂ ਦਾ ਧਾਰਮਿਕ ਫਰਜ਼ ਹੈ ਅਤੇ ਚੋਣਾਂ ਵਿਚ ਮਿਲੇ ਇਤਿਹਾਸਕ ਫ਼ਤਵੇ ਨੇ ਉਨ੍ਰਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜਬੂਤ ਕੀਤਾ ਹੈ। ਸ ਬਾਦਲ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਸਬੰਧਿਤ ਕਈ ਗੰਭੀਰ ਮੁੱਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਪਾਰਟੀ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਸ ਬਾਦਲ ਨੇ ਕਿਹਾ ਕਿ ਇਹ ਕੰਮ ਸਾਡੇ ਲਈ ਇਕ ਪਵਿੱਤਰ ਮਿਸ਼ਨ ਸਮਾਨ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਬਾਦਲ ਵਲੋਂ ਉਨ੍ਹਾਂ ਆਗੂਆਂ ਅਤੇ ਵਰਕਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਇਤਿਹਾਸਕ ਜਿੱਤ ਹਾਸਲ ਕਰਵਾਈ ਹੈ। ਇਸਦੇ ਨਾਲ ਹੀ ਸ ਬਾਦਲ ਵਲੋਂ ਸਮੂਹ ਧਾਰਮਿਕ ਸ਼ਖਸ਼ੀਅਤਾਂ ਅਤੇ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਨ੍ਹਾਂ ਚੋਣਾਂ ਵਿਚ ਜਿੱਤ ਲਈ ਹਾਲਾਤ ਪੈਦਾ ਕੀਤੇ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger