ਸ੍ਰੀ ਮੁਕਤਸਰ ਸਾਹਿਬ 29 ਜਨਵਰੀ / ਪੰਜਾਬ ਸਰਕਾਰ ਵਲੋਂ ਬਜੁਰਗਾਂ, ਵਿਧਵਾਵਾਂ, ਆਸਰਿਤ ਬੱਚਿਆਂ ਅਤੇ ਅਪੰਗ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦੀ ਚੈਕਿੰਗ ਕਰਨ ਲਈ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਬਰਕੰਦੀ ਦਾ ਅਚਨਚੇਤੀ ਦੌਰਾ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਸ੍ਰੀ ਹਰਪਾਲ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਆਈ.ਸੀ.ਆਈ.ਸੀ.ਆਈ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਦਿੱਤੀ ਜਾਣ ਵਾਲੀ ਲੋੜਵੰਦ ਲਾਭਪਾਤਰੀਆਂ ਨੂੰ ਬੁਢਾਪਾ,ਵਿਧਵਾ ਅਤੇ ਅਪੰਗਤਾ ਪੈਨਸ਼ਨ ਸਮੇਂ ਸਿਰ ਬਿਨ੍ਹਾਂ ਕਿਸੇ ਦੇਰੀ ਤੇ ਦਿੱਤੀ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜਦੋਂ ਵੀ ਕਿਸੇ ਲਾਭਪਾਤਰੀ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਇਸ ਸਬੰਧ ਵਿੱਚ ਸਬੰਧਿਤ ਲਾਭਪਾਤਰੀ ਨੂੰ ਅਗੇਤਰੀ ਸੂਚਨਾਂ ਦਿੱਤੀ ਜਾਵੇ ਤਾਂ ਜੋ ਲਾਭਪਾਤਰੀ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਖੱਜਲ ਖੁਆਰ ਨਾ ਹੋਣਾ ਪਵੇ । ਉਹਨਾਂ ਇਹ ਵੀ ਕਿਹਾ ਕਿ ਜਿਹਨਾਂ ਲਾਭਪਾਤਰੀਆਂ ਦੇ ਬੈਂਕ ਖਾਤੇ ਨਹੀਂ ਖੋਲ੍ਹੇ ਗਏ, ਉਹਨਾਂ ਦੇ ਬੈਂਕ ਖਾਤੇ ਖੋਲ੍ਹੇ ਜਾਣ ਤਾਂ ਜੋ ਉਹਨਾਂ ਸਮੇਂ ਸਿਰ ਪੈਨਸ਼ਨ ਮੁਹੱਈਆ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਆਈ.ਸੀ.ਆਈ.ਸੀ.ਆਈ ਬੈਂਕ ਦੀ ਪੋਟ ਮਸ਼ੀਨ ਵੀ ਚੈਕ ਕੀਤੀ ਕਿ ਇਸ ਮਸ਼ੀਨ ਨਾਲ ਲਾਭਪਾਤਰੀਆਂ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਕੋਈ ਮੁਸ਼ਕਲ ਤਾਂ ਪੇਸ਼ ਨਹੀਂ ਆ ਰਹੀ। ਉਹਨਾਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਕਿਹਾ ਕਿ ਜਿਹੜੇ ਲਾਭਪਾਤਰੀ ਸਬੰਧਿਤ ਪਿੰਡ ਛੱਡ ਕੇ ਚਲੇ ਗਏ ਹਨ ਜਾਂ ਮਰ ਗਏ ਹਨ, ਉਹਨਾਂ ਦੀ ਪੈਨਸ਼ਨ ਬੰਦ ਕੀਤੀ ਜਾਵੇ। ਮੌਕੇ ਤੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦੁਆਇਆ। ਇਸ ਮੌਕੇ ਤੇ ਉਹਨਾਂ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਭੇਜੀ ਗਈ ਪੈਨਸ਼ਨ ਸਬੰਧਿਤ ਵਿਅਕਤੀਆਂ ਨੂੰ ਦੇਣ ਵਿੱਚ ਕੋਈ ਕੁਤਾਹੀ ਜਾਂ ਹੇਰ-ਫੇਰ ਕੀਤੀ ਗਈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਸ੍ਰੀ ਹਰਪਾਲ ਸਿੰਘ ਸਮਾਜਿਕ ਸੁਰੱ੍ਯਖਿਆ ਅਫਸਰ ਨੇ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ 263 ਲਾਭਪਾਤਰੀਆਂ ਨੂੰ ਮਹੀਨਾ ਅਕਤੂਬਰ -12 ਦੀ ਪੈਨਸ਼ਨ ਦਿੱਤੀ ਜਾ ਰਹੀ ਹੈ,ਜਦਕਿ ਮਹੀਨਾ ਨਵੰਬਰ ਅਤੇ ਦਸੰਬਰ-2012 ਦੀ ਪੈਨਸ਼ਨ ਇੱਕ ਹਫਤੇ ਦੇ ਅੰਦਰ ਅੰਦਰ ਯੋਗ ਲਾਭਪਾਤਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ।
ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਪਿੰਡ ਬਰਕੰਦੀ ਵਿਖੇ ਆਈ.ਸੀ.ਆਈ.ਸੀ. ਆਈ ਬੈਂਕ ਵਲੋਂ ਦਿੱਤੀ ਜਾਣ ਵਾਲੀ ਪੈਨਸ਼ਨ ਚੈਕ ਕਰਦੇ ਹੋਏ।
Post a Comment