ਮੁੱਖ ਚੋਣ ਅਧਿਕਾਰੀ ਵਲੋਂ ਮੋਗਾ ਉਪ ਚੋਣ ਲਈ ਵਿਸਥਾਰਤ ਪ੍ਰੋਗਰਾਮ ਜਾਰੀ

Tuesday, January 29, 20130 comments


ਚੰਡੀਗੜ੍ਹ, 29 ਜਨਵਰੀ:/ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਵਲੋਂ ਮੋਗਾ ਉਪ ਚੋਣ ਲਈ ਵਿਸਥਾਰਤ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ, ਦਫ਼ਤਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਚੋਣ ਸਬੰਧੀ ਨੋਟੀਫੀਕੇਸ਼ਨ 30 ਜਨਵਰੀ ਨੂੰ ਜਾਰੀ ਹੋਵੇਗਾ ਤੇ 6 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 7 ਫਰਵਰੀ ਨੂੰ ਹੋਵੇਗੀ ਤੇ 9 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ  ਜਾ ਸਕਣਗੇ। ਉਨ੍ਹਾਂ ਕਿਹਾ ਕਿ ਵੋਟਾਂ 23 ਫਰਵਰੀ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 28 ਫਰਵਰੀ ਨੂੰ ਹੋਵੇਗੀ ਤੇ  3 ਮਾਰਚ ਤੱਕ ਸਾਰੀ ਚੋਣ  ਪ੍ਰਕ੍ਰਿਆ ਮੁਕੰਮਲ ਹੋ ਜਾਵੇਗੀ। ਬੁਲਾਰੇ ਨੇ ਕਿਹਾ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਉਨ੍ਹਾਂ ਕਿਹਾ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੋਗਾ ਜੋ 73-ਮੋਗਾ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਹਨ, ਕੋਲ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਮਜ਼ਦਗੀ ਪੱਤਰ 30 ਜਨਵਰੀ ਤੋਂ 6 ਫਰਵਰੀ ਤੱਕ ਤੱਕ ਬਿਨ੍ਹਾਂ ਕਿਸੇ ਜਨਤਕ ਛੁੱਟੀ ਵਾਲੇ ਦਿਨ ਦਾਖਲ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਫਾਰਮ 2 ਬੀ ’ਤੇ ਭਰੇ ਜਾਣਗੇ ਜੋ ਕਿ ਜ਼ਿਲ੍ਹਾ ਚੋਣ ਅਫਸਰ ਤੇ ਰਿਟਰਨਿੰਗ ਅਫਸਰ ਕੋਲ ਉਪਲੱਭਧ ਹਨ। ਉਨ੍ਹਾਂ ਕਿਹਾ ਕਿ ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਮਨਜ਼ੂਰ ਕੀਤੇ ਜਾਣਗੇ ਬਸ਼ਰਤੇ ਕਿ ਉਹ ਕਮਿਸ਼ਨ ਵਲੋਂ ਨਿਰਧਾਰਿਤ ਫਾਰਮੈਟ ਅਨੁਸਾਰ ਹੋਣ। ਉਨ੍ਹਾਂ ਕਿਹਾ ਕਿ ਚੋਣ ਲੜਨ ਲਈ ਉਮੀਦਵਾਰ ਨੂੰ ਪੰਜਾਬ ਦੇ ਕਿਸੇ ਵੀ ਚੋਣ ਹਲਕੇ ਦਾ ਵੋਟਰ ਹੋਣਾ ਲਾਜ਼ਮੀ ਹੈ ਤੇ ਉਸਨੂੰ ਰਿਟਰਨਿੰਗ ਅਫਸਰ ਨੂੰ ਆਪਣਾ ਵੋਟਰ ਸੂਚੀ ਵਿਚ ਨਾਂ ਦਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ  ਨੂੰ ਇਕ ਸਹੁੰ ਪੱਤਰ ਵੀ ਰਿਟਰਨਿੰਗ ਅਫਸਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਤੇ ਪੜਤਾਲ ਤੋਂ ਪਹਿਲਾਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ 2 ਫਰਵਰੀ 2013 ਨੂੰ ਸ਼ਨਿਚਰਵਾਰ ਦੀ ਨੌਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਛੁੱਟੀ ਨਾ ਹੋਣ ਕਰਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ  ਜਦਕਿ 3 ਫਰਵਰੀ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ  9 ਫਰਵਰੀ 2013 ਨੂੰ ਸ਼ਨਿਚਰਵਾਰ ਦੀ ਨੌਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਛੁੱਟੀ ਨਾ ਹੋਣ ਕਰਕੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ।ਉਨ੍ਹਾਂ ਦੱਸਿਆ ਕਿ ਸੋਧਿਆ ਹੋਇਆ ਫਾਰਮ ਨੰਬਰ 26 ਕਮਿਸ਼ਨ ਦੀ ਵੈਬਸਾਈਟ ’ਤੇ ਉਪਲੱਭਧ ਹੈ। ਉਮੀਦਵਾਰਾਂ ਨੂੰ ਨਵੇਂ ਫਾਰਮ ਮੁਤਾਬਕ ਆਪਣੀ ਜਾਇਦਾਦ, ਦੇਣਦਾਰੀਆਂ, ਸਿੱਖਿਅਕ ਯੋਗਤਾ ਅਤੇ ਫਾਰਮ ਮੁਤਾਬਕ ਹੋਰ ਜਾਣਕਾਰੀ ਦੇਣੀ ਜ਼ਰੂਰੀ ਹੈ।  ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਮੋਗਾ ਵਿਚ ਚੋਣ ਜ਼ਾਬਤਾ 11 ਜਨਵਰੀ ਤੋਂ ਚੋਣ ਦਾ ਐਲਾਨ ਹੋਣ ਨਾਲ ਹੀ ਲੱਗ ਚੁੱਕਾ ਹੈ ਜੋ ਕਿ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।       

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger