ਭੀਖੀ,29ਮਾਰਚ-(ਬਹਾਦਰ ਖਾਨ)- ਭੀਖੀ ਦੇ ਨੇੜਲੇ ਪਿੰਡਾਂ ਵਿੱਚ ਚੀਤੇ ਦੇ ਆਉਣ ਦੀ ਖਬਰ ਫੈਲਣ ਨਾਲ ਪਿੰਡਾਂ ਦੇ ਲੋਕ ਭਾਰੀ ਦਹਿਸ਼ਤ ਵਿੱਚ ਹਨ। ਭਾਵੇਂ ਹਾਲੇ ਤੱਕ ਕਿਸੇ ਵਿਅਕਤੀ ਵਲੋਂ ਇਸ ਚੀਤੇ ਜਾ ਕਿਸੇ ਅਣਪਛਾਤੇ ਜਾਨਵਰ ਨੂੰ ਦੇਖਣ ਦੀ ਪੁਸ਼ਟੀ ਨਹੀ ਕੀਤੀ ਪ੍ਰੰਤੂ ਪਿੰਡਾਂ ਅੰਦਰ ਕੁੱਤਿਆਂ ਦੇ ਛੋਟੇ ਛੋਟੇ ਬੱਚਿਆਂ ਉ¤ਪਰ ਕੀਤੇ ਹਮਲਿਆਂ ਤੋਂ ਬਾਅਦ ਨੇੜਲੇ ਪਿੰਡਾਂ ਅਤਲਾ ਕਲਾਂ, ਅਤਲਾ ਖੁਰਦ, ਸਮਾਉਂ ਅਤੇ ਕੋਟੜਾ ਦੇ ਲੋਕਾਂ ਵਿੱਚ ਅਜਿਹੇ ਕਿਸੇ ਜਾਨਵਰ ਦੇ ਆਉਣ ਦੀ ਦਹਿਸ਼ਤ ਦੀ ਝਲਕ ਸਾਫ ਦੇਖਣ ਨੂੰ ਮਿਲ ਰਹੀ ਹੈ। ਇਸ ਸੰਬੰਧੀ ਰੇਂਜ ਅਫਸਰ ਤਜਿੰਦਰ ਸਿੰਘ, ਵਣ ਰੇਂਜ ਅਫਸਰ ਜਗਸੀਰ ਸਿੰਘ ਅਤੇ ਥਾਣਾ ਭੀਖੀ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਦੀ ਅਗੁਵਾਈ ਹੇਠ ਵੱਖ ਵੱਖ ਟੀਮਾਂ ਬਣਾ ਕੇ ਅਜਿਹੇ ਜਾਨਵਰ ਦਾ ਪਤਾ ਲਗਾਉਣ ਲਈ ਵੱਖ ਵੱਖ ਖੇਤਾਂ ਦਾ ਦੌਰਾ ਕੀਤਾ ਗਿਆ ਪ੍ਰੰਤੂ ਕੁਝ ਵੀ ਹੱਥ ਨਹੀ ਲੱਗਾ। ਵਣ ਰੇਂਜ ਅਫਸਰ ਜਗਸੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਉਨਾਂ ਨੂੰ ਅਜਿਹੇ ਕਿਸੇ ਜਾਨਵਰ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ 24 ਘੰਟੇ ਜਦੋਂ ਮਰਜੀ ਉਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨਾਂ ਦੀ ਟੀਮਾਂ ਹਰ ਸਮੇਂ ਲੋਕਾਂ ਦੀ ਮਦਦ ਲਈ ਤਿਆਰ ਬਰ ਤਿਆਰ ਹਨ। ਐਸਐਚਉ ਭੀਖੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਲੋਕ ਦਹਿਸ਼ਤ ਤੋਂ ਦੂਰ ਰਹਿਕੇ ਅਜਿਹੇ ਮਾਹੌਲ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਅਤੇ ਪੁਲਿਸ ਵੀ ਉਨਾਂ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਰਹੇਗੀ। ਵਰਨਣਯੋਗ ਹੈ ਕਿ ਚੀਤੇ ਦੀ ਦਹਿਸ਼ਤ ਕਾਰਨ ਲੋਕਾਂ ਨੇ ਜਿਥੇ ਆਪਣੇ ਬੱਚਿਆਂ ਅਤੇ ਪਸ਼ੂਆਂ ਨੂੰ ਬਾਹਰ ਕੱਢਣ ਤੋਂ ਗੁਰੇਜ ਕਰਨਾ ਸ਼ੁਰੂ ਕਰ ਦਿੱਤਾ ਹੈ ਉਥੇ ਲੋਕ ਰਾਤ ਸਮੇਂ ਖੇਤਾਂ ਵਿੱਚ ਪੈਣ ਤੋਂ ਵੀ ਗੁਰੇਜ ਕਰਨ ਲੱਗ ਪਏ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਪਹਿਲਾਂ ਬੁਢਲਾਡਾ ਬਲਾਕ ਦੇ ਪਿੰਡ ਦੋਦੜਾ ਅਤੇ ਇਸਦੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਅਜਿਹੇ ਜਾਨਵਰ ਦੀ ਕਾਫੀ ਦਹਿਸ਼ਤ ਰਹੀ ਹੈ।
Post a Comment