*ਧਾਰਮਕ ਅਤੇ ਰਾਜਨੀਤਕ ਦੋਵਾਂ ਤਰ੍ਹਾਂ ਦੇ ਆਗੂ ਆਪਣੀਆਂ ਜਿੰਮੇਵਾਰੀਆਂ ਨਿਭਾਉਣ ’ਚ ਅਸਫਲ ਰਹਿਣ ਕਾਰਣ ਦੋਸ਼ੀ ਹਨ: ਗੁਰਪ੍ਰੀਤ ਸਿੰਘ

Friday, March 29, 20130 comments


ਬਠਿੰਡਾ, 29 ਮਾਰਚ (ਕਿਰਪਾਲ ਸਿੰਘ): ਬਠਿੰਡਾ ਜਿਲ੍ਹਾ ਦੇ ਪਿੰਡ ਲਹਿਰਾਖਾਨਾ ਦੇ ਗੁਰਦੁਆਰੇ ’ਚ ਦਲਿਤ ਸਿੱਖਾਂ ਨਾਲ ਹੋ ਰਹੇ ਜਾਤੀ ਵਿਤਕਰੇ ਦਾ ਮਾਮਲਾ ਇਤਨਾ ਭਖ ਚੁੱਕਾ ਹੈ ਕਿ ਇਸ ਸਬੰਧੀ ਬੀਤੀ ਰਾਤ ਡੇ ਐਂਡ ਨਾਈਟ ਨਿਊਜ਼ ਚੈੱਨਲ ’ਤੇ ਵੀਚਾਰ ਚਰਚਾ ਹੋਈ ਜਿਸ ਵਿੱਚ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ: ਗੁਰਿੰਦਰ ਸਿੰਘ ਗੋਗੀ, ਇੰਸਟੀਚੂਟ ਆਫ ਸਿੱਖ ਸਟੱਡੀਜ਼ ਦੇ ਸ: ਗੁਰਪ੍ਰੀਤ ਸਿੰਘ, ਪੰਜਾਬ ਚਮਾਰ ਸਭਾ ਦੇ ਪ੍ਰਧਾਨ ਸ: ਪਰਮਜੀਤ ਸਿੰਘ ਕੈਂਥ ਟੀਵੀ ਹੋਸਟ ਸ਼੍ਰੀ ਦਲਜੀਤ ਅਮੀ ਨਾਲ ਸਟੂਡੀਓ ਵਿੱਚ ਸ਼ਾਮਲ ਸਨ ਅਤੇ ਪੰਜਾਬ ਲੇਬਰ ਪਾਰਟੀ ਦੇ ਪ੍ਰਧਾਨ ਸ: ਗੁਰਮੀਤ ਸਿੰਘ ਟੈਲੀਫ਼ੋਨ ਲਾਈਨ ਰਾਹੀਂ ਗੱਲਬਾਤ ਵਿੱਚ ਜੁੜੇ ਰਹੇ।
ਵੀਚਾਰ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਟੀਵੀ ਹੋਸਟ ਦਲਜੀਤ ਅਮੀ ਨੇ ਸ਼੍ਰੋਮਣੀ ਕਮੇਟੀ ਮੈਂਬਰ ਸ: ਗੋਗੀ ਵੱਲ ਸੰਬੋਧਤ ਹੋ ਕੇ ਕਿਹਾ ਕਿ ਗੁਰਦੁਆਰਿਆਂ ਵਿੱਚ ਹਰ ਰੋਜ ਜਾਤੀ ਵਿਤਕਰੇ ਦਾ ਖੰਡਨ ਕਰਦੇ ਸ਼ਬਦਾਂ ਦਾ ਕੀਰਤਨ ਹੁੰਦਾ ਹੈ, ਸਰਬਤ ਦੇ ਭਲੇ ਦੀ ਅਰਦਾਸ ਹੋ ਰਹੀ ਹੁੰਦੀ ਹੈ ਪਰ ਗੁਰਦੁਆਰੇ ਦੇ ਬਾਹਰ ਜਾਤੀ ਵਿਤਕਰੇ ਤੋਂ ਪੀੜਤ ਲੋਕ ਧਰਨਾ ਲਾਈ ਬੈਠੇ ਹੁੰਦੇ ਹਨ; ਇਸ ਸਬੰਧੀ ਤੁਹਾਡਾ ਕੀ ਕਹਿਣਾ ਹੈ? ਸ: ਗੋਗੀ ਨੇ ਸਿੱਖ ਫਲਸਫਾ ਦੱਸਣਾ ਸ਼ੁਰੂ ਕੀਤਾ ਤਾਂ ਹੋਸਟ ਨੇ ਝਟ ਹੀ ਟੋਕ ਕੇ ਕਿਹਾ ਇਹ ਗੱਲਾਂ ਤਾਂ ਅਸੀਂ ਚੌਥੀ ਪੰਜਵੀਂ ਤੋਂ ਲੈ ਕੇ ਐੱਮ.ਏ. ਦੀਆਂ ਕਲਾਸਾਂ ਤੱਕ ’ਚ ਪੜ੍ਹਦੇ ਸੁਣਦੇ ਆ ਰਹੇ ਹਾਂ। ਇਸ ਸਬੰਧੀ ਕਿਸੇ ਨੂੰ ਕੋਈ ਛੱਕ ਨਹੀਂ ਹੈ ਕਿ ਸਿੱਖ ਧਰਮ ਵਿੱਚ ਜਾਤ ਪਾਤ ਨਹੀਂ ਹੈ। ਇਸ ਲਈ ਵਿਦਵਤਾ ਭਰਪੂਰ ਲੈਕਚਰ ਦੇਣ ਦੀ ਲੋੜ ਨਹੀਂ ਹੈ, ਤੁਸੀਂ ਸਿਰਫ ਇਹ ਦੱਸੋ ਕਿ ਸਿੱਖ ਧਰਮ ਦਾ ਇਹ ਸਹੀ ਫਲਸਫਾ ਹੁਣ ਤੱਕ ਲਾਗੂ ਕਿਉਂ ਨਹੀਂ ਹੋਇਆ ਤੇ ਲਾਗੂ ਕਰਨ ਲਈ ਹੁਣ ਕੀ ਕੀਤਾ ਜਾਣਾ ਚਾਹੀਦਾ ਹੈ? ਸ: ਗੋਗੀ ਨੇ ਹੋਸਟ ਦੀ ਗੱਲ ਕਟਦਿਆਂ ਕਿਹਾ ਕਿ ਮੈਂ ਹੁਣ ਵੀ ਦਾਅਵੇ ਨਾਲ ਕਹਿੰਦਾ ਹਾਂ ਕਿ 95% ਸਿੱਖ ਬੇਸ਼ੱਕ ਉਹ ਦਲਿਤ ਭਾਈ ਚਾਰੇ ਨਾਲ ਸਬੰਧਤ ਹਨ ਜਾਂ ਦੂਸਰੀਆਂ ਜਾਤੀਆਂ ਨਾਲ ਉਨ੍ਹਾਂ ਨੂੰ ਸਿੱਖ ਧਰਮ ’ਚ ਜਾਤੀ ਪ੍ਰਥਾ ਸਬੰਧੀ ਕੋਈ ਗਿਆਨ ਨਹੀਂ ਹੈ। ਜਿਹੜੇ ਲੋਕਾਂ ਨੂੰ ਸਿੱਖੀ ਸਬੰਧੀ ਗਿਆਨ ਨਹੀਂ ਹੈ ਉਹ ਹੀ ਗੁੰਮਰਾਹ ਹੋ ਕੇ ਸਿੱਖੀ ਵਿੱਚ ਜਾਤੀਵਾਦ ਨੂੰ ਵੜਾਵਾ ਦੇ ਰਹੇ ਹਨ। ਇਸ ਲਈ ਮੇਰਾ ਮੰਨਣਾ ਹੈ ਕਿ ਪਹਿਲਾਂ ਸਿੱਖ ਫ਼ਲਸਫਾ ਲੋਕਾਂ ਨੂੰ ਦੱਸਿਆ ਜਾਵੇ ਤੇ ਫਿਰ ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਜਿਸ ਡੇਰੇ ਜਾਂ ਗੁਰਦੁਆਰੇ’ ਜਾਤੀ ਵਿਤਕਰਾ ਹੁੰਦਾ ਹੈ ਉਥੇ ਸਿੱਖ ਨਾ ਜਾਣ।
ਪੰਜਾਬ ਚਮਾਰ ਸਭਾ ਦੇ ਪ੍ਰਧਾਨ ਸ: ਪਰਮਜੀਤ ਸਿੰਘ ਕੈਂਥ ਨੇ ਕਿਹਾ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਪਿੰਡ ਲਹਿਰਾਖਾਨਾ ਸਿੱਖਾਂ ਦੇ ਇੱਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਨੇੜੇ ਹੈ। ਜੇ ਤਖ਼ਤ ਦੇ ਨੇੜੇ ਹੀ ਸਿੱਖੀ ਦਾ ਇਹ ਹਾਲ ਹੈ ਕਿ ਉਥੇ ਗੁਰਦੁਆਰਿਆਂ ਵਿੱਚ ਸ਼ਰੇਆਮ ਜਾਤੀ ਵਿਤਕਰਾ ਹੋ ਰਿਹਾ ਹੈ ਤਾਂ ਮੈਂ ਸਮਝਦਾ ਹਾਂ ਕਿ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਬਹੁਤ ਵੱਡੀ ਨਲਾਇਕੀ ਹੈ। ਦੂਸਰੀ ਗੱਲ ਹੈ ਕਿ ਇਸ ਵੇਲੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਜਿਹੜਾ ਆਪਣੇ ਆਪ ਨੂੰ ਸਿੱਖੀ ਦਾ ਬਹੁਤ ਵੱਡਾ ਅਲੰਬਰਦਾਰ ਅਖਵਾ ਰਿਹਾ ਹੈ। ਜੇ ਉਸ ਦੇ ਰਾਜ ਵਿੱਚ ਜਾਤੀ ਵਿਤਕਰਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਤੋਂ ਇਹ ਸੰਕੇਤ ਮਿਲਦਾ ਰਿਹਾ ਹੈ ਕਿ ਬਾਬਾ ਨਾਨਕ ਨੇ ਜੋ ਸਾਨੂੰ ਰਸਤਾ ਵਿਖਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖ਼ਾਲਸਾ ਪੰਥ ਸਾਜਿਆ ਅਸੀਂ ਉਸ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। 
ਇੰਸੀਚੂਟ ਆਫ ਸਿੱਖ ਸਟੱਡੀਜ਼ ਦੇ ਸ: ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੱਚ ਹੈ ਕਿ ਸਿੱਖੀ ਵਿੱਚ ਜਾਤਪਾਤ ਨਹੀਂ ਹੈ ਪਰ ਸਿੱਖਾਂ ਵਿੱਚ ਹੈ। ਬੇਸ਼ੱਕ ਉਹ ਤਖ਼ਤਾਂ ਦੇ ਜਥੇਦਾਰ ਹਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਅਹੁੱਦੇਦਾਰ ਹੋਣ ਜਾਂ ਰਾਹ ਚਲਾ ਰਹੇ ਸਤਾਧਾਰੀ ਪਾਰਟੀ ਦੇ ਆਗੂ ਹਨ ਜਿਨ੍ਹਾਂ ਦੀ ਸੰਵਿਧਾਨ ਲਾਗੂ ਕਰਵਾਉਣ ਦੀ ਜਿੰਮੇਵਾਰੀ ਹੈ ਉਨ੍ਹਾਂ ਨੂੰ ਵਿਵਾਦ ਵਾਲੀ ਜਗ੍ਹਾ ’ਤੇ ਜਾਣਾ ਚਾਹੀਦਾ ਸੀ ਤੇ ਸਮਝਾ ਬੁਝਾ ਕੇ ਮਸਲਾ ਹੱਲ ਕਰਨਾ ਚਾਹੀਦਾ ਸੀ। ਜੋ ਜਿੰਮੇਵਾਰੀ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਸੀ ਉਹ ਨਹੀਂ ਨਿਭਾ ਰਹੇ ਇਸ ਲਈ ਧਾਰਮਕ ਅਤੇ ਰਾਜਨੀਤਕ ਦੋਵਾਂ ਤਰ੍ਹਾਂ ਦੇ ਆਗੂ ਸਾਰੇ ਹੀ ਦੋਸ਼ੀ ਹਨ। ਉਨ੍ਹਾਂ ਇਹ ਵੀ ਸੁਝਾਉ ਦਿੱਤਾ ਕਿ ਜਿੱਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਉਥੇ ਸਾਡੇ ਧਾਰਮਕ ਤੇ ਰਾਜਨੀਤਕ ਆਗੂਆਂ ਨੂੰ ਜਾ ਕੇ ਉਨ੍ਹਾਂ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ।
ਜਦ ਸ: ਗੋਗੀ ਨੇ ਕਿਹਾ ਕਿ ਜਿਥੇ ਜਾਤੀ ਵਿਤਕਰਾ ਹੋਣ ਸਬੰਧੀ ਦੱਸਿਆ ਜਾ ਰਿਹਾ ਹੈ ਉਹ ਗੁਰਦੁਆਰਾ ਨਹੀਂ ਇੱਕ ਡੇਰਾ ਹੈ; ਤਾਂ ਇਸ ਵੇਲੇ ਪੰਜਾਬ ਲੇਬਰ ਪਾਰਟੀ ਦੇ ਪ੍ਰਧਾਨ ਸ: ਗੁਰਮੀਤ ਸਿੰਘ ਜੋ ਟੈਲੀਫ਼ੋਨ ਲਾਈਨ ਰਾਹੀਂ ਗੱਲਬਾਤ ਵਿੱਚ ਸ਼ਾਮਲ ਸਨ, ਉਨ੍ਹਾਂ ਕਿਹਾ ਉਥੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਹਨ ਤੇ ਗੁਰਦੁਆਰਾ ਤੇ ਇਸ ਨਾਲ 11 ਕਿਲੇ ਜਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ ਪਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਗੁਰਦੁਆਰਾ ਨਹੀਂ ਡੇਰਾ ਹੈ? ਗੁਰਮੀਤ ਸਿੰਘ ਨੇ ਲਹਿਰਾਖਾਨ ਘਟਨਾਵਾਂ ਦਾ ਵਰਨਣ ਲਈ ਵਿਸ਼ੇਸ਼ ਤੌਰ ’ਤੇ ਲਿਖੀ ਕਵਿਤਾ ਪੜ੍ਹ ਕੇ ਸੁਣਾਈ ਜਿਸ ਵਿੱਚ ਉਨ੍ਹਾਂ ਲਹਿਰਾਖਾਨਾ, ਭੁੱਚੋ ਕਲਾਂ ਤੇ ਸੇਮਾਂ ਵਿਚਕਾਰਲੇ ਰੂੰਮੀ ਵਾਲਾ ਡੇਰਾ ਜਿਹੜਾ ਜਾਤੀਵਾਦ ਫੈਲਾਉਣ ਦਾ ਮੁਖ ਸਰੋਤ ਹੈ ਵਿਰੁੱਧ ਲੋਕ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਬਾਦਲ ਦੀ ਸ਼ਹਿ ’ਤੇ ਅਨੂਸੂਚਿਤ ਜਾਤੀਆਂ ਨਾਲ ਧੱਕਾ ਹੋ ਰਿਹਾ ਹੈ। ਲਹਿਰਾ ਖਾਨਾ ਵਿਖੇ ਜਿਨ੍ਹਾਂ ਲੋਕਾਂ ਨੇ ਦਲਿਤ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਦੁੱਖ ਪਹੁੰਚਾਇਆ ਹੈ ਉਨ੍ਹਾਂ ਵਿਰੁੱਧ ਸਰਕਾਰ ਵੱਲੋਂ ਧਾਰਾ 295ਏ, ਐੱਸ.ਸੀ. ਐਟਰੋਸਿਟੀ ਐਕਟ ਅਧੀਨ ਕੇਸ ਦਰਜ ਨਾ ਕਰਨ ਕਰਕੇ ਸ਼੍ਰੋਮਣੀ ਕਮੇਟੀ ਅਤੇ ਸ: ਬਾਦਲ ਨੂੰ ਦੋਸ਼ੀ ਦੱਸਿਆ ਤੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਵੇ।
ਸ਼੍ਰੋਮਣੀ ਕਮੇਟੀ ਮੈਂਬਰ ਸ: ਗੋਗੀ ਨੇ ਕਿਹਾ ਕਿ ਡੇਰਾਵਾਦ ਨੂੰ ਉਤਸ਼ਾਹਤ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾਂਦਾ ਹੈ; ਤਾਂ ਟੀਵੀ ਹੋਸਟ ਨੇ ਤੁਰੰਤ ਉਨ੍ਹਾਂ ਨੂੰ ਇਹ ਗੱਲ ਸਾਫ ਕਰਨ ਲਈ ਕਿਹਾ ਕਿ ਡੇਰਾਵਾਦ ਨੂਮ ਕੌਣ ਉਤਸ਼ਾਹਤ ਕਰ ਰਿਹਾ ਹੈ- ਮੈਂ ਡੇਰਾਵਾਦ ਨੂੰ ਉਤਸ਼ਾਹਤ ਕਰ ਰਿਹਾ ਹਾਂ, ਗੁਰਪ੍ਰੀਤ ਸਿੰਘ ਜੀ ਕਰ ਰਹੇ ਹਨ ਜਾਂ ਕੈਂਥ ਜੀ ਕਰ ਰਹੇ ਹਨ। ਜਦ ਸ: ਗੋਗੀ ਨੇ ਕਿਹਾ ਮੈਂ ਆਪਣੇ ਪੈਨਲਿਸਟ ਦੀ ਗੱਲ ਨਹੀਂ ਕਰ ਰਿਹਾ ਹਾਂ ਜਨਰਲ ਗੱਲ ਕਰ ਰਿਹਾ ਹਾਂ। ਟੀਵੀ ਹੋਸਟ ਨੇ ਕਿਹਾ ਜਦੋਂ ਵੀਚਾਰ ਚਰਚਾ ਚੱਲ ਰਹੀ ਹੋਵੇ ਉਸ ਸਮੇਂ ਜਨਰਲ ਗੱਲ ਕਰਨ ਦਾ ਕੋਈ ਮਾਅਨਾ ਨਹੀਂ ਹੁੰਦਾ। ਉਨ੍ਹਾਂ ਵਾਰ ਵਾਰ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਕੀ ਤੁਸੀਂ ਡੇਰਵਾਦੀਆਂ ਨਾਲ ਗੱਠਜੋੜ ਨਹੀਂ ਕੀਤਾ, ਕੀ ਡੇਰਾਵਾਦੀ ਨੂੰ ਸ਼੍ਰੋਮਣੀ ਕਮੇਟੀ ਨੂੰ ਪ੍ਰਧਾਨ ਨਹੀਂ ਬਣਾਇਆ? ਪਰ ਗੋਗੀ ਜੀ ਇਸ ਦਾ ਜਵਾਬ ਦੇਣ ਤੋਂ ਜਾਣ ਬੁੱਝ ਕੇ ਟਾਲ਼ਾ ਵੱਟਦੇ ਰਹੇ।
ਪੰਜਾਬ ਲੇਬਰ ਪਾਰਟੀ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਮਨ ਦੀ ਪੀੜਾ ਜ਼ਾਹਰ ਕਰਦੇ ਹੋਏ ਫ਼ੋਨ ਰਾਹੀਂ ਕਿਹਾ ਜਿਸ ਤਰ੍ਹਾਂ ਭਾਰਤ ਦੇਸ਼ ਅਤੇ ਗੁਰਦੁਆਰਿਆਂ ਵਿੱਚ ਅਨੂਸੂਚਿਤ ਜਾਤੀਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ ਇਸ ਨੂੰ ਵੇਖਦੇ ਹੋਏ ਸਾਨੂੰ ਯੂਐਨਓ ਤੋਂ ਇਹ ਮੰਗ ਕਰਨੀ ਪਏਗੀ ਕਿ ਜੇ ਕਰ ਇਹ ਸਾਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਤਾਂ ਪਾਕਿਸਤਾਨ ਵਾਂਗ ਸਾਡਾ ਦੇਸ਼ ਅਲਾਇਦਾ ਬਣਾ ਦਿੱਤਾ ਜਾਵੇ। ਸ: ਕੈਂਥ ਨੇ ਕਿਹਾ ਸ: ਗੁਰਮੀਤ ਸਿੰਘ ਆਪਣੀ ਮਾਨਸਕ ਪੀੜਾ ’ਚੋ ਬੋਲ ਰਹੇ ਹਨ। ਉਨ੍ਹਾਂ ਅਨੂਸੂਚਿਤ ਜਾਤੀਆਂ ਵਿੱਚੋਂ ਚਮਕੌਰ ਦੀ ਗੜ੍ਹੀ ’ਚ ਸ਼ਹੀਦ ਹੋਏ ਭਾਈ ਸੰਗਤ ਸਿੰਘ ਅਤੇ ਕਈ ਹੋਰਨਾਂ ਦਾ ਹਵਾਲਾ ਦੇ ਕੇ ਕਿਹਾ ਕਿ ਉਨ੍ਹਾਂ ਨੇ ਸਿੱਖ ਧਰਮ ਲਈ ਅਥਾਹ ਕੁਰਬਾਨੀਆਂ ਕੀਤੀਆ ਪਰ ਇਹ ਉਨ੍ਹਾਂ ਦੀ ਯਾਦ’ ਦੋ ਇੱਟਾਂ ਲਾ ਕੇ ਗੁਰਦੁਆਰਾ ਨਹੀਂ ਬਣਾ ਸਕੇ। ਸ: ਕੈਂਥ ਨੇ ਕਿਹਾ ਵੋਟ ਬੈਂਕ ਪਾਲਿਸੀ ਅਧੀਨ ਅਨੂਸੂਚਿਤ ਜਾਤੀਆਂ ਦੇ ਹੱਕਾਂ ਤੇ ਅਧਿਕਾਰਾਂ ਲਈ ਕਨੂੰਨ ਤਾਂ ਬਹੁਤ ਬਣੇ ਹਨ ਪਰ ਉਹ ਲਾਗੂ ਨਹੀਂ ਹੁੰਦੇ। ਉਨ੍ਹਾਂ ਮਿਸਾਲ ਦਿੱਤੀ ਕਿ ਜੇ ਇਹ ਰੂੰਮੀ ਵਾਲੇ ਸਾਧ ਵਿਰੁੱਧ ਐਟਰੋਸਿਟੀ ਐਕਟ ਅਧੀਨ ਕੇਸ ਦਰਜ ਕਰਦੇ ਹਨ ਤਾਂ ਇਨ੍ਹਾਂ ਦਾ ਵੋਟ ਬੈਂਕ ਹਲਦਾ ਹੈ। ਇਸ ਦੇ ਜਵਾਬ ’ਚ ਸ: ਗੋਗੀ ਨੇ ਕਿਹਾ ਮੈਂ ਸਰਕਾਰ ਦੇ ਨੁੰਮਾਇੰਦੇ ਵਜੋਂ ਨਹੀ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਵਜੋਂ ਆਇਆ ਹਾਂ। ਹੋਸਟ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਤੁਸੀਂ ਕੀ ਕਰਨਾ ਚਾਹੋਗੇ? ਜਵਾਬ ’ਚ ਸ: ਗੋਗੀ ਨੇ ਆਪਣਾ ਪਹਿਲਾ ਸੁਝਾਉ ਦੁਹਰਾਉਂਦੇ ਹੋਏ ਕਿਹਾ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਥੇ ਜਾਤੀ ਵਿਤਕਰਾ ਹੁੰਦਾ ਹੈ ਉਥੇ ਕੋਈ ਸਿੱਖ ਨਾ ਜਾਵੇ। ਸ: ਗੁਰਪ੍ਰੀਤ ਸਿੰਘ ਜੀ ਵੱਲੋਂ ਇਸ ਸੁਝਾਉ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਹੋਸਟ ਸ੍ਰੀ ਦਲਜੀਤ ਅਮੀ ਨੇ ਕਿਹਾ ਕੀ ਤੁਸੀਂ ਇੱਕ ਮਤਾ ਲੈ ਕੇ ਆਓਗੇ ਕਿ ਅਕਾਲ ਤਖ਼ਤ ਦਾ ਜਥੇਦਾਰ ਇਸ ਤਰ੍ਹਾਂ ਦਾ ਹੁਕਮਨਾਮਾ ਜਾਰੀ ਕਰੇ। ਅਤੇ ਜੇ ਹੁਕਮਨਾਮਾ ਜਾਰੀ ਹੋ ਗਿਆ ਤਾਂ ਕੀ ਤੁਸੀਂ ਉਸ ਨੂੰ ਲਾਗੂ ਕਰਵਾ ਵੀ ਸਕੋਗੇ। ਸ: ਗੋਗੀ ਨੇ ਕਿਹਾ ਸ਼੍ਰੋਮਣੀ ਕਮੇਟੀ ਕੋਲ ਕੋਈ ਸੰਵਿਧਾਨਕ ਤਾਕਤ ਨਹੀਂ ਹੈ ਕਿ ਉਹ ਡੰਡੇ ਨਾਲ ਹੁਕਮਨਾਮਾ ਲਾਗੂ ਕਰਵਾ ਸਕੇ। ਕਈ ਥਾਂ ਸ਼੍ਰੋਮਣੀ ਕਮੇਟੀ ਆਪਣੀ ਟਾਸਕ ਫੋਰਸ ਭੇਜ ਕੇ ਲਾਗੂ ਕਰਵਾਉਂਦੀ ਵੀ ਹੈ ਪਰ ਜਿੱਥੇ ਜਿਆਦਾ ਪੁਲਿਸ ਫੋਰਸ ਦੀ ਲੋੜ ਪਵੇ ਉਹ ਸਰਕਾਰ ਹੀ ਕਰਵਾ ਸਕਦੀ ਹੈ। ਸ: ਕੈਂਥ ਨੇ ਤੁਰੰਤ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਮੈਂਬਰ ਸਰਕਾਰ ਵੱਲੋਂ ਦਿੱਤੀਆਂ ਲਾਲ ਬੱਤੀਆਂ ਵਾਲੀਆਂ ਕਾਰਾਂ ਲੈ ਕੇ ਘੁੰਮਦੇ ਹਨ ਤਾਂ ਕੀ ਉਹ ਸਰਕਾਰ ਤੋਂ ਕਹਿ ਕੇ ਇਹ ਲਾਗੂ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਇਸ ਵੇਲੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿੱਚ ਕੋਈ ਫਰਕ ਨਹੀਂ ਹੈ ਗੱਲ ਤਾਂ ਸਿਰਫ ਇਸ ਵੱਲ ਧਿਆਨ ਦੇਣ ਦੀ ਹੈ। 
ਵੀਚਾਰ ਚਰਚਾ ਨੂੰ ਸਮੇਟਦੇ ਹੋਏ ਟੀਵੀ ਹੋਸਟ ਸ਼੍ਰੀ ਦਲਜੀਤ ਅਮੀ ਨੇ ਕਿਹਾ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਸਲੇਬਸਾਂ ਤੇ ਲੇਖਾਂ ਵਿੱਚ ਦਲੀਲਾਂ ਦੀ ਘਾਟ ਨਹੀਂ, ਸਾਹਿਤ ਅਤੇ ਇਤਿਹਾਸ ਵਿੱਚ ਸਬਕਾਂ ਦੀ ਘਾਟ ਨਹੀਂ; ਸਵਾਲ ਤਾਂ ਅਮਲਾਂ ਦਾ ਹੈ। ਜਦੋਂ ਜਾਤ ਨਾਲ ਜੋੜ ਕੇ ਰਾਜਨੀਤੀ ਮਜਬੂਤ ਅਤੇ ਪਛਾਨ ਬਣਾਉਣ ਦਾ ਰੁਝਾਨ ਵਧ ਰਿਹਾ ਹੋਵੇ ਤਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇ ਕਰ ਸਮਝ ਅਤੇ ਅਮਲਾਂ ਦੇ ਪਾੜੇ ਦਾ ਫਰਕ ਸਾਨੂੰ ਤਕਲੀਫ ਨਹੀਂ ਦਿੰਦਾ ਸਾਡੀ ਨੀਤ ਵਿੱਚ ਫਰਕ ਹੈ। ਨਿਬੇੜਾ ਅਮਲਾਂ ’ਤੇ ਹੋਣਾ ਹੈ ਜਿਸ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger