*ਛੇੜ ਛਾੜ ਵਿਰੁਧ ਸ਼ਿਕਾਇਤਾਂ ਕਰਨ ਲਈ ਔਰਤਾਂ ਦੀ ਸੁਬਿਧਾ ਲਈ ਹੈਲਪ ਲਾਈਨ ’ਤੇ ਲੇਡੀਜ਼ ਕਾਂਸਟੇਬਲਜ਼ ਦੀ ਡਿਊਟੀ ਲਾਈ ਜਾਏਗੀ

Friday, December 28, 20120 comments


ਬਠਿੰਡਾ, 28 ਦਸੰਬਰ (ਕਿਰਪਾਲ ਸਿੰਘ): ਕਈ ਵਾਰ ਲੜਕੀਆਂ ਆਪਣੇ ਨਾਲ ਜਿਸਮਾਨੀ ਤੌਰ ’ਤੇ ਹੋਈ ਛੇੜ ਛਾੜ ਸਬੰਧੀ ਸ਼ਿਕਾਇਤਾਂ ਕਰਨ ਤੋਂ ਵੀ ਸ਼ਰਮਾਉਂਦੀਆਂ ਹਨ ਇਸ ਲਈ ਸਾਰੇ ਸਕੂਲਾਂ ਕਾਲਜਾਂ ਦੇ ਅੱਗੇ ਫੀਡ ਬੈਕ ਬੌਕਸ ਲਾਏ ਜਾਣਗੇ ਜਿਨ੍ਹਾਂ ਵਿੱਚ ਛੇੜਛਾੜ ਤੋਂ ਪੀੜਤ ਲੜਕੀਆਂ ਆਪਣਾ ਬਿਨਾਂ ਨਾਮ ਦੱਸਿਆਂ ਵੀ ਆਪਣਾ ਸ਼ਿਕਾਇਤ ਪੱਤਰ ਪਾ ਸਕਦੀਆਂ ਹਨ। ਇਹ ਸ਼ਬਦ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਹੋਏ ਇਕਦਮ ਵਾਧੇ ਸਦਕਾ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਲੱਗ ਰਹੇ ਧੱਬਿਆਂ ਨੂੰ ਧੋਣ ਲਈ ਹਰਕਤ ਵਿੱਚ ਆਏ ਸ: ਨਿਰਮਲ ਸਿੰਘ ਢਿੱਲੋਂ ਆਈਪੀਐੱਸ, ਆਈਜੀ ਪੁਲਿਸ ਰੇਂਜ ਬਠਿੰਡਾ ਵੱਲੋਂ ਵਿਸ਼ੇਸ਼ ਤੌਰ ’ਤੇ ਸੱਦੀ ਗਈ ਬਠਿੰਡਾ ਜਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ/ਪ੍ਰਬੰਧਕਾਂ ਅਤੇ ਮੀਡੀਆ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਔਰਤਾਂ ਨਾਲ ਜਿਸਮਾਨੀ ਛੇੜਛਾੜ ਤੇ ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਇਸ ਲਈ ਪੁਲਿਸ ਪ੍ਰਸ਼ਾਸ਼ਨ ਨੇ ਇਨ੍ਹਾਂ ’ਤੇ ਕਾਬੂ ਪਾਉਣ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਹਨ ਜਿਨ੍ਹਾਂ ਨੂੰ ਲਾਗੂ ਕਰਨ ਲਈ ਤੁਹਾਡੇ ਸਾਰਿਆਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ। ਆਈਜੀ ਸ: ਢਿੱਲੋਂ ਨੇ ਕਿਹਾ ਕਿ ਸਕੂਲਾਂ ਕਾਲਜਾਂ ਵਿੱਚ ਲਾਏ ਗਏ ਫੀਡ ਬੈਕ ਬੌਕਸ ਦੀਆਂ ਚਾਬੀਆਂ ਸਕੂਲ ਮੁਖੀਆਂ ਕੋਲ ਹੋਣਗੀਆਂ ਤੇ ਉਹ ਹਰ ਦੂਸਰੇ ਦਿਨ ਖੋਲ੍ਹ ਕੇ ਇਸ ਵਿੱਚ ਪਈਆਂ ਸ਼ਿਕਾਇਤਾਂ ਨੂੰ ਪੁਲਿਸ ਪ੍ਰਸ਼ਾਸ਼ਨ ਪਾਸ ਭੇਜਣਗੇ ਜਿਨ੍ਹਾਂ ਦੀ ਪੜਤਾਲ ਕਰਕੇ ਪੂਰੀ ਕਾਰਵਾਈ ਕੀਤੀ ਜਾਵੇਗੀ।
ਸ: ਢਿੱਲੋਂ ਨੇ ਕਿਹਾ ਛੇੜ ਛਾੜ ਵਿਰੁਧ ਸ਼ਿਕਾਇਤਾਂ ਕਰਨ ਲਈ ਔਰਤਾਂ ਦੀ ਸੁਬਿਧਾ ਲਈ ਵਿਸ਼ੇਸ਼ ਹੈਲਪ ਲਾਈਨ 0164-2215020 ਸ਼ੁਰੂ ਕੀਤੀ ਗਈ ਹੈ ਜਿੱਥੇ ਫ਼ੋਨ ’ਤੇ ਸ਼ਿਕਾਇਤਾਂ ਸੁਣਨ ਲਈ ਲੇਡੀਜ਼ ਕਾਂਸਟੇਬਲਜ਼ ਦੀ ਡਿਊਟੀ ਲਾਈ ਜਾਏਗੀ ਤਾਂ ਕਿ ਔਰਤਾਂ ਨੂੰ ਆਪਣੀ ਗੱਲ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਾ ਹੋਵੇ। ਸ਼ਿਕਾਇਤ ਮਿਲਦਿਆਂ ਸਾਰ ਉਹ ਤੁਰੰਤ ਪੀਸੀਆਰ ਨਾਲ ਸੰਪਰਕ ਕਰਨਗੀਆਂ ਤੇ ਉਹ ਸਪਾਟ ’ਤੇ ਪਹੁੰਚ ਕੇ ਗੁੰਡਾ ਅਨਸਰ ਨੂੰ ਕਾਬੂ ਕਰਨ ਲਈ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਟਰੇਂਡ ਆਰਮਡ ਵੋਮੈੱਨ ਕਾਂਸਟੇਬਲਜ਼ ਐਕਟਿਵਾ ਸਕੂਟੀ ’ਤੇ ਸਵਾਰ ਹੋ ਕੇ ਸਕੂਲਾਂ ਕਾਲਜਾਂ ਬੱਸ ਅੱਡੇ ਰੇਲਵੇ ਸਟੇਸ਼ਨਾਂ ਤੇ ਹੋਰਨਾਂ ਪਬਲਿਕ ਥਾਵਾਂ ਦੇ ਨਜ਼ਦੀਕ ਪੈਟਰੋਲਿੰਗ ਕਰਿਆ ਕਰਨਗੀਆਂ ਜਿਨ੍ਹਾਂ ਦੀ ਮੌਕੇ ’ਤੇ ਮੱਦਦ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਹੋਰ ਵੀਆਈਪੀ ਡਿਊਟੀਆਂ ਲੱਗਣ ਕਾਰਣ ਸ਼ਿਕਾਇਤਾਂ ਦੀ ਪੜਤਾਲ ਦਾ ਕੰਮ ਲੇਟ ਹੋ ਜਾਂਦਾ ਹੈ ਇਸ ਲਈ ਔਰਤਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਸੀਆਈਏ ਵਿੱਚ ਇੱਕ ਸਪੈਸ਼ਲ ਵੋਮੈੱਨ ਸੈੱਲ ਬਣਾਇਆ ਜਾਵੇਗਾ ਜਿਹੜਾ ਕਿ ਸਿੱਧਾ ਐੱਸਪੀ (ਡੀਟੈਕਟਿਵ) ਦੀ ਦੇਖਰੇਖ ਹੇਠ ਕੰਮ ਕਰੇਗਾ। 
ਸ: ਢਿੱਲੋਂ ਨੇ ਕਿਹਾ ਬਲਾਕ ਪੱਧਰ ’ਤੇ ਡੀਐੱਸਪੀ, ਅਵੇਰਨੈੱਸ ਸੈਮੀਨਾਰਾਂ ਦਾ ਅਜੋਯਨ ਕਰਨਗੇ ਜਿਸ ਵਿੱਚ ਗੁੰਡਾ ਅਨਸਰਾਂ ਸਬੰਧੀ ਮਾਪਿਆਂ/ਸਕੂਲ ਸਟਾਫ ਅਤੇ ਲੜਕੀਆਂ ਨੂੰ ਅਵੇਰ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਲਈ ਨਿਯਮਾਂ ਤੇ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਮੈਂ ਚਾਹੁੰਦਾ ਹਾਂ ਕਿ ਬਠਿੰਡਾ ਪੁਲਿਸ ਰੇਂਜ ’ਚ ਕਿਧਰੇ ਵੀ ਕਿਸੇ ਲੜਕੀ ਨਾਲ ਛੇੜ ਛਾੜ ਦੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ ਪਰ ਇਹ ਤਾਂ ਹੀ ਸੰਭਵ ਹੈ ਜੇ ਕਰ ਸਮੁੱਚਾ ਸਮਾਜ ਸਾਡੇ ਨਾਲ ਸਹਿਯੋਗ ਕਰੇ। ਜਦੋਂ ਉਨ੍ਹਾਂ ਦਾ ਧਿਆਨ ਬਠਿੰਡਾ ਰੇਂਜ ਅਧੀਨ ਪੈਂਦੇ ਫਰੀਦਕੋਟ ਸ਼ਹਿਰ ’ਚ ਵਾਪਰੇ ਸ਼ਰੂਤੀ ਕਾਂਡ ਵੱਲ ਦਿਵਾਉਂਦਿਆਂ ਪੁੱਛਿਆ ਗਿਆ ਕਿ ਬੇਸ਼ੱਕ ਪਹਿਲਾਂ ਵੀ ਮੰਦਭਾਗੀ ਘਟਨਾਵਾਂ ਵਾਪਰਦੀਆਂ ਸਨ ਪਰ ਇਸ ਕਾਂਡ ਵਿੱਚ ਪੁਲਿਸ ਦੀ ਬਹੁਤ ਹੀ ਢਿੱਲੀ ਕਾਰਗੁਜ਼ਾਰੀ ਕਾਰਣ ਗੁੰਡਾ ਅਨਸਰਾਂ ਦੇ ਹੌਸਲੇ ਬਹੁਤ ਹੀ ਵਧ ਗਏ ਹਨ ਜਿਸ ਕਾਰਣ ਛੇੜਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਬਹੁਤ ਤੇਜੀ ਨਾਲ ਵਾਧਾ ਹੋ ਰਿਹਾ ਹੈ। ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਸਬੰਧੀ ਪੁੱਛੇ ਗਏ ਸਵਾਲ ਨੂੰ ਟਾਲਦਿਆਂ ਆਈਜੀ ਸ: ਢਿੱਲੋਂ ਨੇ ਕਿਹਾ ਤੁਸੀਂ ਅਖ਼ਬਾਰ ਲੇਟ ਪੜ੍ਹਿਆ ਹੋਵੇਗਾ, ਹੁਣ ਉਸ ’ਤੇ ਕਾਰਵਾਈ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਖ਼ਬਰ ਲੇਟ ਨਹੀਂ ਪੜ੍ਹੀ ਬਲਕਿ ਕਾਰਵਾਈ ਹੀ ਬਹੁਤ ਪਛੜ ਕੇ ਹੋਈ ਸੀ ਕਿਉਂਕਿ ਉਹ ਲੜਕੀ ਪਹਿਲਾਂ ਜੂਨ ਮਹੀਨੇ ਵਿੱਚ ਸਕੂਲ ਵਿੱਚੋਂ ਅਗਵਾ ਕੀਤੀ ਗਈ ਸੀ ਜਿਸ ਨੂੰ ਕੁਝ ਸਮੇਂ ਪਿੱਛੋਂ ਬਰਾਮਦ ਤਾਂ ਕਰ ਲਿਆ ਗਿਆ ਸੀ ਪਰ ਲੜਕੀ ਵੱਲੋਂ ਅਗਵਾ ਤੇ ਬਲਾਤਕਾਰ ਸਬੰਧੀ ਲਿਖਵਾਈ ਰੀਪੋਰਟ ’ਤੇ ਪੁਲਿਸ ਨੇ ਲੰਬਾ ਸਮਾ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਣ ਅਗਵਾਕਾਰਾਂ ਦੇ ਹੌਸਲੇ ਇਤਨੇ ਵਧ ਗਏ ਕਿ ਉਨ੍ਹਾਂ ਨੇ ਉਸ ਲੜਕੀ ਨੂੰ ਸਤੰਬਰ ਮਹੀਨੇ ’ਚ ਮਾਤਾ ਪਿਤਾ ਦੀ ਕੁੱਟਮਾਰ ਕਰਕੇ ਦੁਬਾਰਾ ਉਨ੍ਹਾਂ ਦੀ ਹਾਜਰੀ ਵਿੱਚ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਤੇ ਸ਼ਹਿਰੀਆਂ ਵੱਲੋਂ ਹਰ ਰੋਜ ਧਰਨੇ ਲਗਾਉਣ ਦੇ ਬਾਵਯੂਦ ਇੱਕ ਮਹੀਨਾ ਤੱਕ ਲੜਕੀ ਦੀ ਬਰਾਮਦਗੀ ਨਹੀਂ ਹੋ ਸਕੀ। ਬਰਾਮਦੀ ਪਿੱਛੋਂ ਵੀ ਪੁਲਿਸ ਦੀ ਕਾਰਜਗਜਾਰੀ ਨਿਰਾਸ਼ਾਜਨਕ ਸੀ। ਇਹ ਸੁਣ ਕੇ ਆਈਜੀ ਸ: ਢਿੱਲੋਂ ਨੇ ਕਿਹਾ ਹੁਣ ਉਸ ’ਤੇ ਕਾਰਵਾਈ ਹੋ ਚੁੱਕੀ ਹੈ। ਇਸੇ ਤਰ੍ਹਾਂ ਇੱਕ ਸਕੂਲ ਪ੍ਰਬੰਧਕ ਨੇ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਆਮ ਤੌਰ ’ਤੇ ਵਾਪਰ ਰਹੀਆਂ ਇਨ੍ਹਾਂ ਮੰਦਭਾਗੀ ਘਟਨਾਵਾਂ ਵਿੱਚ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਆਗੂਆਂ ਜਾਂ ਵਰਕਰਾਂ ਦਾ ਹੱਥ ਹੁੰਦਾ ਹੈ ਜਿਸ ਕਾਰਣ ਪੁਲਿਸ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਿੱਚ ਹਿਚਕਚਹਾਟ ਕਰਦੀ ਹੈ ਤੇ ਗੁੰਡਰਦਾਂ ਦੇ ਹੌਸਲੇ ਵਧਦੇ ਹਨ। ਇਸ ਸਵਾਲ ਨੂੰ ਵੀ ਟਾਲਦਿਆਂ ਹੋਇਆਂ ਸ: ਢਿੱਲੋਂ ਨੇ ਕਿਹਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਕਾਰਵਾਈ ਹੋਵੇਗੀ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger