ਹੁਸ਼ਿਆਰਪੁਰ, 4 ਮਾਰਚ(ਨਛਤਰ ਸਿੰਘ) ਮਨਰੇਗਾ ਸਕੀਮ ਅਧੀਨ ਹੁਣ ਤੱਕ 70186 ਪ੍ਰੀਵਾਰਾਂ ਦੇ ਜਾਬ ਕਾਰਡ ਬਣਾਏ ਜਾ ਚੁੱਕੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀ ਮਨੱਸਵੀ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਅਧੀਨ ਕੰਮ ਕਰਦੇ ਪੇਂਡੂ ਪ੍ਰੀਵਾਰਾਂ ਦੇ ਚਾਹਵਾਨ ਮੈਂਬਰਾਂ ਦੇ ਜਾਬ ਕਾਰਡ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਜਾਇਜ਼ਾ ਲੈਣ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਚੀਫ਼ ਲੀਡ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਆਰ ਪੀ ਸਿਨਹਾ, ਸਹਾਇਕ ਪ੍ਰੋਜੈਕਟਰ ਅਫ਼ਸਰ ਬੀ ਕੇ ਸ਼ਰਮਾ, ਲੇਖਾ ਅਫ਼ਸਰ ਬੀ.ਕੇ. ਅਗਰਵਾਲ, ਬਲਾਕਾਂ ਵਿੱਚ ਕੰਮ ਕਰਦੇ ਸਮੂਹ ਵਧੀਕ ਪ੍ਰੋਗਰਾਮ ਅਫ਼ਸਰ ਅਤੇ ਤਕਨੀਕੀ ਸਹਾਇਕ ਅਤੇ ਕੁਲਜੀਤ ਸਿੰਘ ਵੀ ਇਸ ਮੌਕੇ ਤੇ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਪਿੰਡ ਵਿੱਚ ਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਚਾਹਵਾਨ ਪੇਂਡੂ ਪ੍ਰੀਵਾਰਾਂ ਦੇ ਜਾਬ ਕਾਰਡ ਬਣਾਏ ਜਾਣ ਤਾਂ ਜੋ ਉਹ ਇਸ ਸਕੀਮ ਅਧੀਨ ਰੋਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਜਿਨ੍ਹਾਂ ਪ੍ਰੀਵਾਰਾਂ ਦੇ ਜਾਬ ਕਾਰਡ ਬਣਾਏ ਗਏ , ਉਨ੍ਹਾਂ ਦੇ ਬੈਂਕ ਖਾਤੇ ਵੀ ਖੋਲ੍ਹੇ ਜਾਣੇ ਯਕੀਨੀ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਮਨਰੇਗਾ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਲੱਸਟਰ ਬਣਾ ਕੇ ਇੱਕ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਅਸਲ ਰੂਪ ਦਿੱਤਾ ਜਾ ਸਕੇ।
Post a Comment