ਮਾਨਸਾ, 04 ਮਾਰਚ ( ਸਫਲਸੋਚ ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਵਲੋਂ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰਨ ਦੀ ਜ਼ਿਲ੍ਹੇ ਵਿਚ ਵਿੱਢੀ ਮੁਹਿੰਮ ਨੂੰ ਉਦੋਂ ਬੂਰ ਪਿਆ, ਜਦੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਚੁਣੇ ਗਏ ਪਿੰਡਾਂ ਵਿਚ ਕਣਕ ਦੀ ਲਹਿਰਾਉਂਦੀ ਫ਼ਸਲ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਉੱਠੇ। ਸਿੱਧੀ ਬਿਜਾਈ ਵਾਲੀ ਕਣਕ ਦੀ ਫ਼ਸਲ ਜਿੱਥੇ ਬਿਲਕੁੱਲ ਵੀ ਪੀਲੀ ਨਹੀਂ ਹੋਈ, ਉਥੇ ਨਾੜ ਮੋਟਾ ਹੋਣ ਕਾਰਨ ਫ਼ਸਲ ਨੂੰ ਖ਼ਰਾਬ ਮੌਸਮ ਵਿਚ ਡਿੱਗਣ ਤੋਂ ਬਚਾਏਗਾ। ਮਾਨਸਾ ਜ਼ਿਲ੍ਹੇ ਵਿਚ ਕਿਸਾਨੀ ਲਈ ਚੁੱਕੇ ਗਏ ਇਸ ਕਦਮ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਤੱਕ ਬੜੇ ਜਜ਼ਬੇ ਨਾਲ ਪਹੁੰਚਾਇਆ, ਜਿਸਦਾ ਉਸ ਸਮੇਂ ਪਤਾ ਲੱਗਿਆ, ਜਦੋਂ ਅੱਜ ਮਹਿਕਮੇ ਵਲੋਂ ਪਿੰਡ ਭਾਈਦੇਸਾ ਵਿਖੇ ਆਤਮਾ ਸਕੀਮ ਅਧੀਨ ਖੇਤ ਦਿਵਸ ਮਨਾਇਆ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਦੀ ਅਗਵਾਈ ਵਿਚ ਭਾਈਦੇਸਾ ਪਿੰਡ ਵਿਖੇ ਮਨਾਏ ਗਏ ਖੇਤ ਦਿਵਸ ਦੌਰਾਨ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਜ਼ਮੀਨ ਵਿਚ ਦਬਾਉਣ ਲਈ ਜ਼ਿਲ੍ਹੇ ਵਿਚੋਂ 6 ਪਿੰਡਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿਚੋਂ ਮਾਨਸਾ ਬਲਾਕ ਵਿਚੋਂ ਪਿੰਡ ਭਾਈਦੇਸਾ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਖੇਤੀਬਾੜੀ ਵਿਭਾਗ ਵਲੋਂ ਨਿਰਮਲ ਸਿੰਘ ਪ੍ਰਧਾਨ ਭਾਈ ਘਨੱਈਆ ਕਿਸਾਨ ਕਲੱਬ ਭਾਈਦੇਸਾ ਅਤੇ ਭੂਰਾ ਸਿੰਘ ਸਰਪੰਚ ਪਿੰਡ ਭਾਈਦੇਸਾ ਦੇ ਸਹਿਯੋਗ ਨਾਲ 3 ਤਕਨੀਕੀ ਕਿਸਾਨ ਸਿਖਲਾਈ ਕੈਂਪ ਵੀ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਜਿੱਥੇ ਬੇਲਰ ਚਲਾਕੇ ਝੋਨੇ ਦੀ ਪਰਾਲੀ ਤੋਂ ਗੱਠਾਂ ਤਿਆਰ ਕੀਤੀਆਂ ਗਈਆਂ, ਉਥੇ ਤਕਰੀਬਨ 40 ਤੋਂ 50 ਫ਼ੀਸਦੀ ਰਕਬੇ ਵਿਚ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਵੀ ਕੀਤੀ ਗਈ। ਉਨ੍ਹਾਂ ਇਸ ਤਕਨੀਕ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਜਿਨ੍ਹਾਂ ਖੇਤਾਂ ਵਿਚ ਕਣਕ ਬਿਨ੍ਹਾਂ ਅੱਗ ਲਗਾਏ ਬੀਜੀ ਗਈ ਹੈ, ਉਨ੍ਹਾਂ ਖੇਤਾਂ ਵਿਚ ਕਣਕ ਬਿਲਕੁੱਲ ਪੀਲੀ ਨਹੀਂ ਹੋਈ ਅਤੇ ਉਨ੍ਹਾਂ ਖੇਤਾਂ ਵਿਚ ਕਣਕ ਦਾ ਨਾੜ ਬਹੁਤ ਜ਼ਿਆਦਾ ਮੋਟਾ ਹੈ ਜੋ ਕਣਕ ਨੂੰ ਖ਼ਰਾਬ ਮੌਸਮ ਵਿਚ ਡਿੱਗਣ ਤੋਂ ਬਚਾਏਗਾ।
ਇਸ ਖੇਤ ਦਿਵਸ ਦੌਰਾਨ ਕੁਝ ਕਿਸਾਨਾਂ ਨੇ ਮੰਨਿਆ ਕਿ ਉਨ੍ਹਾਂ ਦੇ ਜਿਹੜੇ ਖੇਤਾਂ ਵਿਚ ਪਾਣੀ ਨਾ ਸੁੱਕਣ ਕਰਕੇ ਕਣਕ ਦਾ ਨੁਕਸਾਨ ਹੁੰਦਾ ਸੀ, ਇਸ ਵਾਰ ਇਸ ਤਕਨੀਕ ਨਾਲ ਬੀਜੀ ਗਈ ਕਣਕ ਵਿਚ ਮੀਂਹ ਦਾ ਪਾਣੀ ਬਿਲਕੁੱਲ ਨਹੀਂ ਖੜ੍ਹਾ ਹੋਇਆ ਅਤੇ ਉਨ੍ਹਾਂ ਦੀ ਫ਼ਸਲ ਵਧੀਆ ਨਿਕਲੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਮੂਹ ਕਿਸਾਨਾਂ ਦੀ ਹਾਜ਼ਰੀ ਵਿਚ ਸਰਵੇ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਕਣਕ ਦੀ ਫਸਲ ਉਪਰ ਪੀਲੀ ਕੁੰਗੀ ਦਾ ਹਮਲਾ ਨਹੀਂ ਹੈ ਅਤੇ ਨਾ ਹੀ ਅਜੇ ਤੱਕ ਕਣਕ ਦੀ ਫਸਲ ਉਪਰ ਤੇਲੇ ਦਾ ਹਮਲਾ ਹੋਇਆ ਹੈ।
ਡਾ. ਬਰਾੜ ਨੇ ਸਮੂਹ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਆਪਣੇ ਖੇਤ ਦਾ ਨਿਰੀਖਣ ਕਰਨ ਅਤੇ ਜੇਕਰ ਪੀਲੀ ਕੁੰਗੀ ਦੇ ਕੋਈ ਅੰਸ਼ ਨਜ਼ਰ ਆਉਣ ਤਾਂ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਜ਼ਹਿਰਾਂ ਦੀ ਹੀ ਵਰਤੋਂ ਕਰਨ। ਇਕੱਤਰ ਕਿਸਾਨਾਂ ਨੂੰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਚਮਨਦੀਪ ਸਿੰਘ, ਖੇਤਰੀ ਸਹਾਇਕ ਸ਼੍ਰੀ ਸੁਖਜੀਤ ਸਿੰਘ ਅਤੇ ਹੋਰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਫੀਲਡ ਵਰਕਰ ਕੇਵਲ ਸਿਘ ਅਤੇ ਬਿੱਕਰ ਸਿੰਘ, ਭੂਰਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਮਨਾਏ ਗਏ ਖੇਤ ਦਿਵਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਣਕ ਦੀ ਸਿੱਧੀ ਬੀਜੀ ਫ਼ਸਲ ਦਾ ਮੁਆਇਨਾ ਕਰਦੇ ਹੋਏ।
Post a Comment