-ਡਿਪਟੀ ਕਮਿਸ਼ਨਰ ਨੇ ਅਹੁਦਾ ਸੰਭਾਲਦੇ ਹੀ ਵਿਭਾਗਾਂ ਦੇ ਵੱਖ-ਵੱਖ ਕੰਮਾਂ ਦਾ ਲਿਆ ਜਾਇਜ਼ਾ
ਮਾਨਸਾ, 21 ਦਸੰਬਰ ( ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਦੇ ਅੱਜ ਤੋਂ ਛੁੱਟੀ ਜਾਣ ਦੇ ਬਾਅਦ ਪਹਿਲੇ ਦਿਨ ਹੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਨੇ ਅਹੁਦਾ ਸੰਭਾਲ ਲਿਆ। ਉਨ੍ਹਾਂ ਅਹੁਦਾ ਸੰਭਾਲਦਿਆਂ ਹੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਜਾਇਜ਼ਾ ਲਿਆ। ਇਨ੍ਹਾਂ ਵਿਚੋਂ ਕਈ ਵਿਭਾਗਾਂ ਦੇ ਮੁਖੀਆਂ ਨੂੰ ਉਨ੍ਹਾਂ ਨੇ ਦਫ਼ਤਰ ਬੁਲਾ ਕੇ ਅਤੇ ਕਈ ਜ਼ਿਲ੍ਹਾ ਅਧਿਕਾਰੀਆਂ ਨੂੰ ਫੋਨ 'ਤੇ ਦਿਸ਼ਾ-ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਸ਼੍ਰੀ ਕੁਮਾਰ ਰਾਹੁਲ ਨੂੰ ਮਾਨਸਾ ਦੇ ਡਿਪਟੀ ਕਮਿਸ਼ਨਰ ਵਜੋਂ ਵਾਧੂ ਚਾਰਜ ਸੌਂਪਿਆ ਗਿਆ ਹੈ ਅਤੇ ਉਹ 10 ਸਤੰਬਰ 2008 ਤੋਂ 4 ਅਪ੍ਰੈਲ 2011 ਤੱਕ ਮਾਨਸਾ ਦੇ ਡਿਪਟੀ ਕਮਿਸ਼ਨਰ ਵਜੋਂ ਪਹਿਲਾਂ ਵੀ ਸੇਵਾ ਨਿਭਾਅ ਚੁੱਕੇ ਹਨ। ਹੁਣ ਉਹ ਹਰ ਸ਼ੁਕੱਰਵਾਰ ਮਾਨਸਾ ਵਿਚ ਸੇਵਾ ਨਿਭਾਉਣਗੇ ਅਤੇ ਲਗਾਤਾਰ ਕੰਮਾਂ ਦਾ ਜਾਇਜ਼ਾ ਲੈਂਦੇ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਬਲਦੇਵ ਸਹੋਤਾ ਕੋਲੋਂ ਜ਼ਿਲ੍ਹੇ ਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ 108 ਐਬੂਲੈਂਸਾਂ ਬਾਰੇ ਉਹ ਨਿੱਜੀ ਤੌਰ 'ਤੇ ਦਿਲਚਸਪੀ ਦਿਖਾਉਣ ਅਤੇ ਇਨ੍ਹਾਂ ਦੇ ਡਰਾਈਵਰਾਂ ਬਾਰੇ ਸਮੇਂ-ਸਮੇਂ 'ਤੇ ਪਤਾ ਲਗਾਇਆ ਜਾਵੇ ਕਿ ਉਹ ਕੰਮਕਾਰ ਠੀਕ ਕਰ ਰਹੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਲਈ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਇਨ੍ਹਾਂ ਦੀ ਸਰਵਿਸ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕੈਂਸਰ ਸਰਵੇ ਅਤੇ ਮੈਗਾ ਮੈਡੀਕਲ ਚੈਕਅੱਪ ਕੈਂਪ ਤੋਂ ਬਾਅਦ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਦਵਾਈਆਂ ਦਾ ਵੀ ਜਾਇਜ਼ਾ ਲਿਆ।
ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਲਗਾਏ ਮੈਗਾ ਮੈਡੀਕਲ ਚੈਕਅੱਪ ਕੈਂਪ ਦਾ ਮਰੀਜ਼ ਲਗਾਤਾਰ ਸਰਕਾਰੀ ਹਸਪਤਾਲਾਂ ਵਿੱਚ ਲਾਹਾ ਲੈ ਰਹੇ ਹਨ, ਜਿੱਥੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਪੰਜਾਬ ਵਾਸੀਆਂ ਨੂੰ ਨਰੋਇਆ ਕਰਨ ਲਈ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ, ਉਥੇ ਵੱਖ-ਵੱਖ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਲਈ ਜ਼ਿਲ੍ਹਿਆਂ ਵਿੱਚ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਸਾ ਵਿੱਚ ਲਗਾਏ ਮੈਗਾ ਮੈਡੀਕਲ ਚੈਕਅੱਪ ਕੈਂਪ ਤੋਂ ਬਾਅਦ ਜਿਹੜੇ ਮਰੀਜ਼ ਸਾਹਮਣੇ ਆਏ, ਉਨ੍ਹਾਂ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਦਾ ਸਮੇਂ-ਸਮੇਂ 'ਤੇ ਚੈਕਅੱਪ ਕੀਤਾ ਜਾ ਰਿਹਾ ਹੈ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਹਸਪਤਾਲਾਂ ਵਿੱਚ ਕੀਤੇ ਜਾ ਰਹੇ ਹਨ। ਸ਼੍ਰੀ ਰਾਹੁਲ ਨੇ ਕਿਹਾ ਕਿ ਜ਼ਿਲ੍ਹੇ ਦੇ ਸਿਹਤ ਕੇਂਦਰਾਂ ਵਿਚ 1536 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਿਵਲ ਹਸਪਤਾਲ ਮਾਨਸਾ ਵਿਖੇ 1251 ਮਰੀਜ਼ਾਂ ਨੂੰ, ਖ਼ਿਆਲਾ ਕਲਾਂ 'ਚ 158, ਬੁਢਲਾਡਾ 'ਚ 54 ਅਤੇ ਸਰਦੂਲਗੜ੍ਹ ਦੇ ਹਸਪਤਾਲਾਂ 'ਚ 73 ਮਰੀਜ਼ ਮੁਫ਼ਤ ਦਵਾਈ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਤਕਰੀਬਨ 2 ਲੱਖ 37 ਹਜ਼ਾਰ ਦਵਾਈਆਂ ਮੁਫ਼ਤ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ 7 ਮਰੀਜ਼ਾਂ ਦੇ ਜਨਰਲ ਆਪ੍ਰੇਸ਼ਨ ਅਤੇ 25 ਮਰੀਜ਼ਾਂ ਦੇ ਅੱਖਾਂ ਦਾ ਆਪ੍ਰੇਸ਼ਨ ਕਰਕੇ ਇਲਾਜ ਕੀਤਾ ਜਾ ਰਿਹਾ ਹੈ।
Post a Comment