ਲੁਧਿਆਣਾ,(ਪੰਚ ਪਰਧਾਨੀ) ਅਕਾਲੀ ਦਲ ਪੰਚ ਪਰਧਾਨੀ ਉੱਤੇ ਸਰਕਾਰੀ ਜਬਰ ਨੂੰ ਹੋਰ ਵਧਾਉਂਦਿਆਂ ਪੰਜਾਬ ਪੁਲਿਸ ਵਲੋਂ ਅਕਾਲੀ ਦਲ ਪੰਚ ਪਰਧਾਨੀ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ 26 ਨਵੰਬਰ 2012 ਰਾਤ 9 ਵਜੇ ਤੋਂ ਘਰ ਵਿਚ ਹੀ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਹਰ ਸਮੇਂ ਘਰ ਵਿਚ 10 ਤੋਂ 50 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਪਤਾ ਨਹੀਂ ਕਿ ਉਹਨਾਂ ਨੂੰ ਅਜਿਹੀ ਡਿਊਟੀ ਕਿਉਂ ਦਿੱਤੀ ਗਈ ਹੈ ਅਤੇ ਡੀ.ਐੱਸ.ਪੀ ਰਣਦੀਪ ਸਿੰਘ ਮਾਨ ਦਾ ਕਹਿਣਾ ਹੈ ਕਿ ਸਾਨੂੰ ਉਪਰੋਂ ਆਰਡਰ ਆਏ ਹਨ ਕਿ ਬਾਬਾ ਜੀ ਨੂੰ ਕਿਤੇ ਆਉਂਣ-ਜਾਣ ਨਹੀਂ ਦੇਣਾ।
ਜਿਕਰਯੋਗ ਹੈ ਕਿ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੇਹਧਾਰੀ ਗੁਰੂ ਡੰਮ ਤੇ ਖਾਸ ਕਰਕੇ ਸਿਰਸੇ ਵਾਲੇ ਪਖੰਡੀ ਸੌਦਾ ਸਾਧ ਵਿਰੁੱਧ ਪੰਥ ਵਲੋਂ ਉਲੀਕੇ ਹਰ ਪ੍ਰੋਗਰਾਮ ਵਿਚ ਖਾਸ ਕਰਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਤੇ ਇਸ ਸਮੇਂ ਦੌਰਾਨ ਅਨੇਕਾਂ ਬਾਰ ਜੇਲ੍ਹ ਯਾਤਰਾ ਕੀਤੀ।
ਸਿਰਸੇ ਵਾਲੇ ਪਖੰਡੀ ਵਲੋਂ ਸਲਾਬਤਪੁਰ ਡੇਰੇ ਵਿਚ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਵਾਲੇ ਕੋਰਟ ਕੇਸ ਨੂੰ ਭਾਵੇਂ ਬਾਦਲ ਸਰਕਾਰ ਨੇ ਖਾਰਜ ਕਰਨ ਦੀ ਅਪੀਲ ਕੋਰਟ ਵਿਚ ਕੀਤੀ ਹੋਈ ਹੈ ਪਰ ਇਹ ਬਾਬਾ ਹਰਦੀਪ ਸਿੰਘ ਮਹਿਰਾਜ ਵਾਲਿਆਂ ਵਲੋਂ ਕੋਰਟ ਵਿਚ ਦਰਜ ਕਰਾਈ ਸ਼ਕਾਇਤ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਸਿਰਸੇ ਵਾਲਾ ਸੌਦਾ ਸਾਧ ਬਠਿੰਡੇ ਕਚਹਰਿਆਂ ਦੀਆਂ ਘੁੰਮਣ ਘੇਰੀਆਂ ਵਿਚ ਫਸਣ ਵਾਲਾ ਹੈ।
ਸਿਰਸੇ ਵਿਚ ਪ੍ਰੇਮੀਆਂ ਵਲੋਂ ਕੀਤੀ ਗੁੰਡਾਗਰਦੀ ਖਿਲਾਫ ਸਮੁੱਚੇ ਸਿੱਖ ਜਗਤ ਵਿਚ ਰੋਸ ਹੈ ਤੇ ਇਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਇਸ ਘਟਨਾਕ੍ਰਮ ਵਿਚ ਜਖਮੀ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਦਾ ਹਾਲ ਪੁੱਛਣ ਲਈ ਚੰਡੀਗੜ੍ਹ ਜਾਂਦਾ ਹੈ ਅਤੇ ਦੂਜੇ ਪਾਸੇ ਬਾਬਾ ਹਰਦੀਪ ਸਿੰਘ ਮਹਿਰਾਜ ਵਰਗਿਆਂ ਸੱਚੇ ਸਿੱਖਾਂ ਨੂੰ ਘਰ ਵਿਚ ਹੀ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਪਰਕਾਸ਼ ਪੁਰਬ ਮਨਾਉਂਣ ਲਈ ਵੀ ਕਿਤੇ ਜਾਣ ਨਹੀਂ ਦਿੱਤਾ ਗਿਆ।
ਬਾਬਾ ਜੀ ਦੀ ਨਜ਼ਰਬੰਦੀ ਲਈ ਵੱਖ-ਵੱਖ ਸਮੇਂ ਜੋ ਪੁਲਿਸ ਅਫਸਰ ਤਾਇਨਾਤ ਹਨ ਉਹਨਾਂ ਵਿਚ ਕਾਬਲ ਸਿੰਘ ਥਾਣਾ ਇੰਚਾਰਜ ਰਾਮਪੁਰਾ, ਗੁਰਜੰਟ ਸਿੰਘ ਏ. ਐੱਸ.ਆਈ ਬਠਿੰਡਾ, ਕੌਰ ਸਿੰਘ ਏ. ਐੱਸ.ਆਈ ਰਾਮਪੁਰਾ, ਕੇਵਲ ਸਿੰਘ ਆਦਿ ਤੇ ਹੋਰ ਆਮ ਪੁਲਿਸ ਮੁਲਾਜ਼ਮ ਸ਼ਾਮਲ ਹਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬਾਬਾ ਹਰਦੀਪ ਸਿੰਘ ਮਹਿਰਾਜ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਸਿੱਖ ਹੋਣ ਦਾ ਸਬੂਤ ਦਿੰਦਿਆਂ ਆਪਣੀ ਨਜ਼ਰਬੰਦੀ ਲਈ ਬੈਠੇ ਪੁਲਿਸ ਕਰਮੀਆਂ ਨੂੰ ਵੀ ਲੰਗਰ ਛਕਾ ਰਹੇ ਹਨ ਤੇ ਅਕਾਲ ਪੁਰਖ ਦੇ ਭਾਣੇ ਵਿਚ ਗੁਰਬਾਣੀ ਦਾ ਅਨੰਦ ਮਾਣ ਰਹੇ ਹਨ।
Post a Comment