ਸ੍ਰੀ ਮੁਕਤਸਰ ਸਾਹਿਬ, 7 ਦਸੰਬਰ ( )ਰਾਸ਼ਟਰੀ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਵਾਇਦਾ ਕਾਰੋਬਾਰ ਦੇ ਗੁਰ ਸਿਖਾ ਰਿਹਾ ਹੈ। ਇਸ ਸਬੰਧੀ ਅੱਜ ਇੱਥੇ ਜ਼ਿਲ੍ਹੇ ਦੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਵਾਇਦਾ ਕਾਰੋਬਾਰ ਸਬੰਧੀ ਮੁੱਢਲੀ ਸਿਖਲਾਈ ਦੇਣ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਭਵਿੱਖੀ ਕਾਰੋਬਾਰ ਅਤੇ ਫਾਰਵਰਡ ਟਰੇਡਿੰਗ ਕਾਰੋਬਾਰ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਨਾਬਾਰਡ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਮਨਮੋਹਨ ਸੂਰੀ ਨੇ ਕਿਹਾ ਕਿ ਨਾਬਾਰਡ ਕਿਸਾਨਾਂ ਨੂੰ ਵਕਤ ਦੇ ਹਾਣੀ ਬਣਾਉਣ ਲਈ ਇਹ ਉਪਰਾਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਹਰ ਪ੍ਰਕਾਰ ਦੀ ਚੰਗੀ ਗੁਣਵਤਾ ਦੀ ਭਰਪੂਰ ਫਸਲ ਪੈਦਾ ਕਰਨ ਦੀ ਸਮਰਥਾ ਰਖਦਾ ਹੈ ਪਰ ਫਸਲਾਂ ਦੇ ਮੰਡੀਕਰਨ ਦੀਆਂ ਬਰੀਕੀਆਂ ਤੋਂ ਅੱਜ ਵੀ ਕਿਸਾਨ ਪੂਰਾ ਵਾਕਿਫ਼ ਨਹੀਂ ਹੋ ਸਕਿਆ ਹੈ ਜਿਸ ਕਾਰਨ ਕਿਸਾਨ ਨਾਲੋਂ ਵਿਚੋਲੀਏ ਜਿਆਦਾ ਮੁਨਾਫਾ ਕਮਾ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਨੈਸ਼ਨਲ ਕੋਮੋਡੀਟੀ ਅਤੇ ਡੈਰੀਵੇਟਿਵਜ਼ ਐਕਸਚੇਂਜ (ਐਨ.ਸੀ.ਡੀ.ਈ.ਐਕਸ.) ਨਾਲ ਜੋੜ ਕੇ ਉਨ੍ਹਾਂ ਨੂੰ ਆਪਣੀਆਂ ਫਸਲਾਂ ਦੇ ਬਿਹਤਰ ਮੁੱਲ ਪ੍ਰਾਪਤ ਕਰਨ ਦਾ ਗੁਰ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਸ੍ਰੀ ਦੀਪਕ ਕੁਮਾਰ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ 57 ਕਿਸਮ ਦੇ ਖੇਤੀ ਜਿਨਸਾਂ ਅਤੇ ਉਤਪਾਦ ਦਾ ਕਾਰੋਬਾਰ ਐਨ.ਸੀ.ਡੀ.ਈ.ਐਕਸ. ਵਿਚ ਹੁੰਦਾ ਹੈ ਅਤੇ ਇਸ ਦੇ ਕੁੱਲ ਕਾਰੋਬਾਰ ਦਾ 90 ਫੀਸਦੀ ਹਿੱਸਾ ਖੇਤੀ ਉਤਪਾਦਾਂ ਦਾ ਹੈ ਪਰ ਬਾਵਜੂਦ ਇਸਦੇ ਇਹ ਖੇਤੀ ਜਿਨਸਾਂ ਪੈਦਾ ਕਰਨ ਵਾਲੇ ਕਿਸਾਨਾਂ ਦੀ ਇਸ ਵਾਅਦਾ ਕਾਰੋਬਾਰ ਵਿਚ ਭਾਗੀਦਾਰੀ ਬਹੁਤ ਘੱਟ ਹੈ ਜਿਸ ਨੂੰ ਵਧਾਉਣ ਦਾ ਇਹ ਉਪਰਾਲਾ ਹੈ ਤਾਂਕਿ ਕਿਸਾਨ ਖੁਦ ਆਪਣੀ ਜਿਨਸ਼ ਦਾ ਭਵਿੱਖੀ ਕਾਰੋਬਾਰ ਕਰ ਸਕਣ ਦੇ ਸਮੱਰਥ ਹੋਣ ਅਤੇ ਉਨ੍ਹਾਂ ਨੇ ਬਾਜਾਰ ਦੀ ਸਮਝ ਹੋ ਸਕੇ ਅਤੇ ਬਾਜਾਰ ਅਨੁਸਾਰ ਹੀ ਕਿਸਾਨ ਆਪਣੀ ਫਸਲ ਦੀ ਚੋਣ ਕਰ ਸਕਣ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਬੀ.ਐਸ. ਪਵਾਰ ਨੇ ਦੱਸਿਆ ਕਿ ਫਸਲਾਂ ਦੀ ਵਰਤਮਾਨ ਮੰਡੀਕਰਨ ਪ੍ਰਣਾਲੀ ਜਿਸ ਨੂੰ ਹਾਜਰ ਕਾਰੋਬਾਰ ਕਿਹਾ ਜਾਂਦਾ ਹੈ ਵਿਚ ਕਿਸਾਨ ਨੂੰ ਮੰਡੀ ਵਿਚ ਅੱਜ ਦਾ ਹੀ ਭਾਅ ਮਿਲਦਾ ਹੈ ਪਰ ਵਾਇਦਾ ਕਾਰੋਬਾਰ ਵਿਚ ਕਿਸਾਨ ਇਕ ਨਿਸਚਤ ਭਾਅ ਦੇ ਅੱਜ ਹੀ ਸੌਦਾ ਕਰ ਲੈਂਦਾ ਹੈ ਕਿ ਇੰਨ੍ਹੇ ਮਹੀਨੇ ਬਾਅਦ ਉਹ ਆਪਣੀ ਫਸਲ ਇਸ ਭਾਅ ਤੇ ਵੇਚੇਗਾ।
ਇਸ ਮੌਕੇ ਪੁੱਜੇ ਪਿੰਡ ਸ਼ੀਰਵਾਲੀ ਦੇ ਇਕ ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ ਬੇਸੱਕ ਸਾਡੇ ਲਈ ਹਾਲੇ ਇਹ ਬਿਲਕੁਲ ਨਵੀਂ ਗੱਲ ਹੈ ਪਰ ਇਸ ਵਿਚ ਕਿਸਾਨਾਂ ਲਈ ਕਾਫੀ ਸੰਭਾਵਨਾਵਾਂ ਹਨ ਅਤੇ ਉਹ ਕਿਸਾਨਾਂ ਦਾ ਇਕ ਸਮੂਹ ਬਣਾ ਕੇ ਵਾਇਦਾ ਕਾਰੋਬਾਰ ਵਿਚ ਹੱਥ ਅਜਮਾਉਣਗੇ।
ਇਸ ਮੌਕੇ ਆਰ.ਬੀ.ਆਈ. ਦੇ ਵਿੱਤੀ ਸਾਖ਼ਰਤਾ ਕੇਂਦਰ ਦੇ ਇੰਚਾਰਜ ਸ੍ਰੀ ਅਮਰਨਾਥ ਗਰਗ ਨੇ ਕਿਸਾਨਾਂ ਨੂੰ ਬੈਂਕਾਂ ਦੀਆਂ ਖੇਤੀ ਅਧਾਰਿਤ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।


Post a Comment