ਮਾਨਸਾ, 13 ਦਸੰਬਰ ( ) : ਟੀਬੀ ਦੀ ਬਿਮਾਰੀ ਦੇ ਖਾਤਮੇ ਲਈ ਜ਼ਿਲ੍ਹੇ ਵਿੱਚ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕਰਨ ਲਈ ਨਿਵੇਕਲੀ ਪਹਿਲ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਇੱਕ ਐਕਟੀਵਾ ਹੌਂਡਾ ਸਕੂਟਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ 'ਤੇ ਟੀਬੀ ਨਾਲ ਸਬੰਧਿਤ ਸਲੋਗਨ ਲਿਖੇ ਹੋਏ ਹਨ ਅਤੇ ਜਿੱਥੇ-ਜਿੱਥੇ ਇਹ ਵਹੀਕਲ ਜਾਵੇਗਾ, ਉਥੇ ਇਸ ਬਿਮਾਰੀ ਸਬੰਧੀ ਜਾਗਰੂਕਤਾ ਸੰਦੇਸ਼ ਵੀ ਆਮ ਪਬਲਿਕ ਵਿੱਚ ਪੁਜੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਹੀਕਲ ਉਪਰ ਬਿਮਾਰੀ ਦੇ ਲੱਛਣਾਂ ਅਤੇ ਇਸਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਮੁਫ਼ਤ ਬਲਗਮ ਜਾਂਚ ਲਈ ਅੱਠ ਮਾਈਕਰੋਸਕੋਪੀ ਸੈਂਟਰ ਮਾਨਸਾ, ਸਰਦੂਲਗੜ੍ਹ, ਝੁਨੀਰ, ਖਿਆਲਾ ਕਲਾਂ, ਬੁਢਲਾਡਾ, ਬਰੇਟਾ, ਭੀਖੀ ਅਤੇ ਬੋਹਾ ਵਿਖੇ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮਾਨਸਾ, ਬੁਢਲਾਡਾ, ਭੀਖੀ ਅਤੇ ਬਰੇਟਾ ਦੇ ਸਲੱਮ ਏਰੀਏ ਵਿੱਚ ਇਸ ਬਿਮਾਰੀ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਸ਼੍ਰੀ ਢਾਕਾ ਨੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੂੰ ਹਦਾਇਤ ਕਰਦਿਆਂ ਕਿ ਟੀਬੀ ਦੀ ਬਿਮਾਰੀ ਦੀ ਸਮੱਸਿਆ ਇੱਕ ਪ੍ਰਮੁੱਖ ਸਿਹਤ ਸਮੱਸਿਆ ਹੈ, ਇਸ ਲਈ ਗਰੀਬ ਬਸਤੀਆਂ ਵਿਚ ਇਸ ਦੀ ਜਾਂਚ ਲਈ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਸ ਲਈ ਇੱਕ ਮੁਹਿੰਮ ਵਿੱਢ ਕੇ ਮਾਹੌਲ ਉਸਾਰੀ ਕੀਤੀ ਜਾਵੇ ਅਤੇ ਟੀਬੀ ਨੂੰ ਜੜ੍ਹੋ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਬਹੁਤ ਹੀ ਲੋੜਵੰਦ ਲੋਕਾਂ ਲਈ ਹਨ, ਇਸ ਲਈ ਹੇਠਲੇ ਪੱਧਰ ਤੱਕ ਇਨ੍ਹਾਂ ਸਕੀਮਾਂ ਨੂੰ ਲਿਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਬਿਮਾਰੀ ਪ੍ਰਤੀ ਕਿਸੇ ਅੰਧਵਿਸ਼ਵਾਸ਼ ਵਿਚ ਨਾ ਪੈਣ ਬਲਕਿ ਇਸਦਾ ਪੂਰੀ ਤਰ੍ਹਾਂ ਇਲਾਜ ਕਰਵਾਉਣ ਜੋ ਮੁਫ਼ਤ ਕੀਤਾ ਜਾਂਦਾ ਹੈ।
ਜ਼ਿਲ੍ਹਾ ਟੀ.ਬੀ. ਅਫਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਲਗਾਤਾਰ ਦੋ ਹਫ਼ਤੇ ਤੋਂ ਜ਼ਿਆਦਾ ਬਲਗਮ ਵਾਲੀ ਖੰਘ, ਸ਼ਾਮ ਨੂੰ ਹਲਕਾ-ਹਲਕਾ ਬੁਖ਼ਾਰ, ਭੁੱਖ ਘੱਟ ਲੱਗਦੀ ਹੋਵੇ, ਥੁੱਕ ਵਿੱਚ ਖੂਨ ਦਾ ਆਉਣਾ ਅਤੇ ਵਜ਼ਨ ਦਾ ਘਟਣਾ ਆਦਿ ਨਿਸ਼ਾਨੀਆਂ ਦਿਖਾਈ ਦੇਣ, ਉਸਨੂੰ ਤੁਰੰਤ ਆਪਣੀ ਬਲਗਮ ਦੀ ਜਾਂਚ ਨੇੜੇ ਦੇ ਮਾਈਕਰੋਸਕੋਪੀ ਸੈਂਟਰ ਤੋਂ ਮੁਫ਼ਤ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਨਾਖਤ ਹੋਣ 'ਤੇ ਡਾਟਸ ਪ੍ਰਣਾਲੀ ਅਧੀਨ ਮੁਫ਼ਤ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਭਾਰਤ ਸਰਕਾਰ ਵੱਲੋਂ ਟੀਬੀ ਨੂੰ ਨੋਟੀਫਾਈ ਬਿਮਾਰੀ ਕਰਾਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਹਰ ਇੱਕ ਪ੍ਰਾਈਵੇਟ ਡਾਕਟਰ, ਕਲੀਨਿਕ, ਨਰਸਿੰਗ ਹੋਮ, ਹਸਪਤਾਲ ਅਤੇ ਲੈਬਾਟਰੀਆਂ ਨੂੰ ਟੀਬੀ ਦੇ ਹਰ ਇੱਕ ਮਰੀਜ਼ ਦੀ ਜਾਣਕਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ ਜ਼ਿਲ੍ਹਾ ਟੀ.ਬੀ. ਅਫਸਰ ਜਾਂ ਸਿਵਲ ਸਰਜਨ ਨੂੰ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ, ਡਾ. ਯਸ਼ਪਾਲ ਗਰਗ, ਡਾ. ਸੁਰੇਸ਼ ਸਿੰਗਲਾ, ਡਾ. ਹਰਭਜਨ ਸਿੰਘ, ਡਾ. ਬਲਜੀਤ ਕੌਰ, ਜਗਦੀਸ਼ ਰਾਏ ਕੁਲਰੀਆਂ, ਸੁਰਿੰਦਰ ਕੁਮਾਰ ਅਤੇ ਬੂਟਾ ਸਿੰਘ ਹਾਜ਼ਰ ਸਨ।

Post a Comment